ਪੱਤਰ ਪ੍ਰੇਰਕ
ਚੰਡੀਗੜ੍ਹ, 28 ਫਰਵਰੀ
ਗੁਰਦੁਆਰਾ ਨਾਨਕਸਰ ਸਾਹਿਬ ਸੈਕਟਰ 28 ਚੰਡੀਗੜ੍ਹ ’ਚ 46ਵਾਂ ਮਹਾਨ ਗੁਰਮਤਿ ਸਮਾਗਮ ਅੱਜ ਸ਼ੁਰੂ ਹੋ ਗਿਆ। ਸੰਤ ਸਾਧੂ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਯਾਦ ਵਿੱਚ ਇਸ ਸਮਾਗਮ ਦੀ ਸ਼ੁਰੂਆਤ ਮੌਕੇ ਨਾਨਕਸਰ ਕਲੇਰਾਂ ਤੋਂ ਸੰਤ ਲੱਖਾ ਸਿੰਘ ਨੇ ਪਹੁੰਚ ਕੇ ਅਰਦਾਸ ਕੀਤੀ ਤੇ ਸੰਪਟ ਪਾਠ ਆਰੰਭ ਕਰਵਾਏ।
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਲਈ 13 ਸੰਪਟ ਅਖੰਡ ਪਾਠ ਆਰੰਭ ਕਰਵਾਏ ਗਏ ਹਨ ਜਿਨ੍ਹਾਂ ਦੇ ਭੋਗ 6 ਮਾਰਚ ਨੂੰ ਪਾਏ ਜਾਣਗੇ। ਅੱਜ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ, ਕੀਰਤਨ ਅਤੇ ਸ੍ਰੀ ਸੁਖਮਨੀ ਸਾਹਿਬ ਅਤੇ ਸ਼ਾਮ ਸਮੇਂ ਕੀਰਤਨ ਦਰਬਾਰ ਲੱਗਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਵਿੱਚ ਅੱਜ ਹੈੱਡ ਰਾਗੀ ਸੁਖਵੰਤ ਸਿੰਘ ਸੋਨੂੰ ਸਮੇਤ ਹੋਰ ਕਈ ਜਥਿਆਂ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ 6 ਮਾਰਚ ਨੂੰ ਸੰਪਟ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਣਗੇ।
ਭੱਕੂਮਾਜਰਾ ਵਿੱਚ ਗੁਰਮਤਿ ਸਮਾਗਮ ਕਰਵਾਇਆ
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿੰਡ ਭੱਕੂਮਾਜਰਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨੌਜਵਾਨ ਸਿੰਘ ਸਭਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ 37ਵੇਂ ਗੁਰਮਤਿ ਸਮਾਗਮ ਕਿਸਾਨੀ ਸੰਘਰਸ਼ ਮੋਰਚੇ ਦੇ ਫ਼ਤਹਿ ਨੂੰ ਸਮਰਪਿਤ ਕੀਤਾ ਗਿਆ। ਸਮਾਜਸੇਵੀ ਭਾਈ ਸਮਿੰਦਰ ਸਿੰਘ ਨੇ ਦੱਸਿਆ ਕਿ ਕੀਰਤਨ ਦਰਬਾਰ ਤੋਂ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਪੰਡਾਲ ਵਿੱਚ ਕੀਰਤਨੀ ਜਥਿਆਂ ਤੇ ਪ੍ਰਚਾਰਕਾਂ ਵੱਲੋਂ ਸੰਗਤ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਪ੍ਰਬੰਧਕਾਂ ਵਲੋਂ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਲਾਏ ਖੂਨਦਾਨ ਕੈਂਪ ਵਿੱਚ 55 ਯੂਨਿਟ ਖੂਨ ਇਕੱਤਰ ਕੀਤਾ। ਸਮਾਗਮ ਦੌਰਾਨ ਚੜ੍ਹਦੀਕਲਾ ਤੱਤ ਖਾਲਸਾ ਨਿਸ਼ਕਾਮ ਸੇਵਕ ਜਥਾ ਪਿੰਡ ਜਟਾਣਾ ਵਲੋਂ ਬੱਚਿਆਂ ਦੇ ਗੁਰਮਿਤ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਾਬਕਾ ਐਸਡੀਓ ਰਵਿੰਦਰ ਸਿੰਘ, ਨਾਇਬ ਸਿੰਘ, ਬਲਜਿੰਦਰ ਸਿੰਘ, ਸਰਪੰਚ ਅਜਮੇਰ ਸਿੰਘ, ਸੇਵਾ ਸਿੰਘ, ਜਗਦੀਸ਼ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।