ਪਰਮਜੀਤ ਸਿੰਘ
ਫਾਜ਼ਿਲਕਾ, 15 ਜੁਲਾਈ
ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅੱਜ ਜਿੱਥੇ ਪ੍ਰੇਸ਼ਾਨੀਆਂ ਨਾਲ ਦੋ ਚਾਰ ਹੁੰਦੇ ਦੇਖਿਆ ਗਿਆ, ਉੱਥੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਉਹ ਫੋਟੋਆਂ ਕਰਵਾਉਣਾ ਛੱਡ ਕੇ ਪੀੜਤਾਂ ਦੇ ਘਰਾਂ ਵਿੱਚ ਵੜੇ ਪਾਣੀ ਦਾ ਹਾਲ ਦੇਖਣ ਅਤੇ ਹਰੇ ਅਤੇ ਸੁੱਕੇ ਚਾਰੇ ਨੂੰ ਤਰਸ ਰਹੇ ਪਸ਼ੂਆਂ ਦਾ ਹਾਲ ਜਾਣ ਲੈਣ।
ਸਤਲੁਜ ਦਰਿਆ ਦੇ ਪਾਣੀ ਨਾਲ ਡੁੱਬੇ ਚੁੱਕੇ ਪਿੰਡ ਤੇਜਾ ਰੁਹੇਲਾ ਵਾਸੀ ਸ਼ੈਲ ਸਿੰਘ ਅਤੇ ਬੂੜ ਸਿੰਘ ਡਿਪਟੀ ਕਮਿਸ਼ਨਰ ਮੈਡਮ ਦੁੱਗਲ ਖ਼ਿਲਾਫ਼ ਗੁੱਸਾ ਜ਼ਾਹਿਰ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਪਾਣੀ ਨਾਲ ਡੁੱਬ ਚੁੱਕੇ ਘਰਾਂ ਵਿੱਚ ਆ ਕੇ ਪੀੜਤਾਂ ਦੀ ਸਾਰ ਲੈਣ ਦੀ ਥਾਂ ਅਧਿਕਾਰੀ ਤੇ ਸਿਆਸੀ ਆਗੂ ਸਿਰਫ਼ ਫੋਟੋਆਂ ਕਰਵਾ ਕੇ ਵਾਪਸ ਮੁੜ ਰਹੇ ਹਨ। ਉਨ੍ਹਾਂ ਕਿਹਾ ਚਾਰੇ ਦੀਆਂ ਟਰਾਲੀਆਂ ਫੋਟੋਆਂ ਖਿਚਾਉਣ ਵਾਸਤੇ ਭੇਜਿਆ ਜਾ ਰਹੀਆਂ ਹਨ। ਇੱਥੇ ਪ੍ਰਭਾਵਿਤ ਖੇਤਰ ਵਿੱਚ ਪ੍ਰਤੀ ਪਸ਼ੂ ਮੁੱਠੀ ਭਰ ਹਰਾ ਮਿਲ ਰਿਹਾ ਹੈ। ਇਸ ਦੇ ਸਿਰ ’ਤੇ ਪ੍ਰਸ਼ਾਸਨਿਕ ਅਧਿਕਾਰੀ ਵਾਹ ਵਾਹ ਖੱਟ ਰਹੇ ਹਨ। ਇਸੇ ਹੀ ਪਿੰਡ ਦੇ ਪਾਣੀ ਵਿੱਚ ਖੜ੍ਹੇ ਸੁਰਜੀਤ ਸਿੰਘ ਅਤੇ ਬਲਵੀਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਤਰਪਾਲਾਂ ਦੀ ਵੰਡ ਵੀ ਖ਼ਾਸ ਬੰਦਿਆਂ ਨੂੰ ਵੰਡੀਆਂ ਜਾ ਰਹੀਆਂ ਹਨ।
ਇੱਥੇ ਕਾਵਾਂਵਾਲੀ ਪੱਤਣ ’ਤੇ ਕਈ ਦਿਨਾਂ ਤੋਂ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੌਰਾ ਕਰਦੇ ਆ ਰਹੇ ਹਨ। ਕਈ ਪਿੰਡਾਂ ਦੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਇੱਥੋਂ ਘਰ ਖਾਲੀ ਕਰ ਦੇਣ, ਪਰ ਲੋਕ ਕਹਿ ਰਹੇ ਹਨ ਕਿ ਉਹ ਆਪਣਾ ਸਾਮਾਨ ਅਤੇ ਪਸ਼ੂ ਕਿਤੇ ਦੂਰ ਲਿਜਾਣ ਤੋਂ ਅਸਮਰੱਥ ਹਨ।
ਉਧਰ, ਅੱਜ ਇੱਥੇ ਕਾਵਾਂਵਾਲੀ ਪੱਤਣ ’ਤੇ ਪਿੰਡ ਬਲੇਸ਼ ਸ਼ਾਹ ਉਤਾਰ ਉਰਫ ਗੁਲਾਬਾ ਪੈਣੀ ਦੇ ਰਹਿਣ ਵਾਲੇ ਗਾਹਰਾ ਸਿੰਘ, ਜਗਤਾਰ ਸਿੰਘ, ਮੱਖਣ ਸਿੰਘ ਨੇ ਕਿਹਾ ਕਿ ਉਹ ਸਿਰਫ਼ ਅਧਿਕਾਰੀਆਂ ਦਾ ਆਉਣਾ-ਜਾਣਾ ਹੀ ਦੇਖ ਰਹੇ ਹਨ। ਇਸ ਖੇਤਰ ਦਾ ਪਸ਼ੂਆਂ ਲਈ ਹਰਾ ਚਾਰਾ, ਤੂੜੀ ਆਦਿ ਪਾਣੀ ਦੀ ਭੇਟ ਚੜ੍ਹ ਗਏ ਹਨ। ਕਈ ਘਰਾਂ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ।
ਸੀਪੀਆਈ ਦੇ ਬਲਾਕ ਸਮਿਤੀ ਮੈਂਬਰ ਕਾਮਰੇਡ ਸੁਬੇਗ ਝੰਗੜਭੈਣੀ ਨੇ ਕਿਹਾ ਕਿ ਇਹ ਹੜ੍ਹ ਪਹਿਲੀ ਵਾਰ ਨਹੀਂ ਆਏ, ਪਿਛਲੇ ਕਈ ਸਾਲਾਂ ਤੋਂ ਸਰਹੱਦੀ ਲੋਕ ਇਸ ਦਾ ਸਾਹਮਣਾ ਕਰ ਰਹੇ ਹਨ ਪਰ ਸਰਕਾਰਾਂ ਨੁਕਸਾਨ ਹੋਣ ’ਤੇ ਮਦਦ ਦਾ ਦਿਖਾਵਾ ਕਰਨ ਆਉਂਦੀਆਂ ਹਨ। ਹਕੀਕਤ ਵਿੱਚ ਹੜ੍ਹਾਂ ਤੋਂ ਬਚਾਅ ਲਈ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਜਾ ਰਹੇ।