ਫਲੋਰਿਡਾ, 17 ਮਈ
‘ਮਿਸ ਮੈਕਸੀਕੋ’ ਐਂਡ੍ਰਿਆ ਮੇਜ਼ਾ ਨੇ ਸਾਲ 2020 ਦਾ ‘ਮਿਸ ਯੂਨੀਵਰਸ’ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਇਸ ਮੁਕਾਬਲੇ ਵਿਚ 74 ਦੇਸ਼ਾਂ ਦੀ ਸ਼ਮੂਲੀਅਤ ਸੀ। ‘ਮਿਸ ਇੰਡੀਆ’ ਐਡਲਿਨ ਕੈਸਟੇਲਿਨੋ ਇਸ ਸੁੰਦਰਤਾ ਮੁਕਾਬਲੇ ਵਿਚ ਚੌਥੇ ਨੰਬਰ ਉਤੇ ਰਹੀ। ਮੁਕਾਬਲਾ ਐਤਵਾਰ ਰਾਤ ਇੱਥੇ ਹੌਲੀਵੁੱਡ ਦੇ ‘ਹਾਰਡ ਰੌਕ ਹੋਟਲ ਐਂਡ ਕੈਸੀਨੋ’ ਵਿਚ ਹੋਇਆ। 26 ਵਰ੍ਹਿਆਂ ਦੀ ਮੇਜ਼ਾ ਦੇ ਸਿਰ ਤਾਜ 2019 ਦੀ ਜੇਤੂ ਦੱਖਣੀ ਅਫ਼ਰੀਕਾ ਦੀ ਜ਼ੋਜ਼ੀਬਿਨੀ ਤੁੰਜ਼ੀ ਨੇ ਸਜਾਇਆ। ਬ੍ਰਾਜ਼ੀਲ ਦੀ ਜੂਲੀਆ ਗਾਮਾ (28) ਦੂਜੇ ਅਤੇ ਪੇਰੂ ਦੀ ਜੈਨਿਕ ਮਾਸੀਟਾ (27) ਤੀਜੇ ਸਥਾਨ ਉਤੇ ਰਹੀ। ਕੈਸਟੇਲਿਨੋ (22) ਨੂੰ ‘ਮਿਸ ਡੀਵਾ ਯੂਨੀਵਰਸ ਇੰਡੀਆ’ ਨੇ ਵਧਾਈ ਦਿੱਤੀ ਹੈ। ਮੈਕਸੀਕੋ ਨੇ ਤੀਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ। ਦੂਜੇ ਪਾਸੇ ‘ਮਿਸ ਯੂਨੀਵਰਸ’ ਮੁਕਾਬਲੇ ਵਿਚ ਮਿਆਂਮਾਰ ਦੀ ਨੁਮਾਇੰਦਗੀ ਕਰ ਰਹੀ ਥੁਜ਼ਾਰ ਵਿੰਟ ਲਵਿਨ ਨੇ ਇਸ ਮੌਕੇ ਨੂੰ ਵਰਤਦਿਆਂ ਸੰਸਾਰ ਦੇ ਲੋਕਾਂ ਦਾ ਧਿਆਨ ਆਪਣੇ ਮੁਲਕ ਦੇ ਹਾਲਾਤਾਂ ਵੱਲ ਖਿੱਚਿਆ। ਉਸ ਨੇ ਚੁਣੀ ਹੋਈ ਸਰਕਾਰ ਦਾ ਰਾਜ ਪਲਟਾਉਣ ਵਾਲੀ ਫ਼ੌਜ (ਜੁੰਟਾ) ਵਿਰੁੱਧ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ‘ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਮਿਆਂਮਾਰ ਦਾ ਮੁੱਦਾ ਉਠਾਓ। ਮੈਂ ਜਿੰਨਾ ਹੋ ਸਕਦਾ ਸੀ ਬੋਲ ਰਹੀ ਹਾਂ। ਸਾਡੇ ਲੋਕਾਂ ਨੂੰ ਫ਼ੌਜ ਨਿੱਤ ਕਤਲ ਕਰ ਰਹੀ ਹੈ।’ ਇਹ ਸੁਨੇਹਾ ਉਸ ਨੇ ਇਕ ਵੀਡੀਓ ਰਾਹੀਂ ਦਿੱਤਾ। -ਏਜੰਸੀਆਂ