ਲਗਭਗ 97 ਵਰ੍ਹੇ ਪਹਿਲਾਂ ਕਾਇਮ ਕੀਤੀ ਗਈ ਰਾਸ਼ਟਰੀ ਸਵੈਮਸੇਵਕ ਸੰਘ ਦੀ ਜਥੇਬੰਦਕ ਧੁਰੀ ਉਹ ਸ਼ਾਖਾਵਾਂ ਹਨ ਜਿਹੜੀਆਂ ਦੇਸ਼ ਦੇ ਹਰ ਕੋਨੇ ਵਿਚ ਮੌਜੂਦ ਹਨ; ਉਨ੍ਹਾਂ ਰਾਹੀਂ ਆਰਐੱਸਐੱਸ ਦੀ ਵਿਚਾਰਧਾਰਾ ਦਾ ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈ। ਮਾਰਚ 2022 ਵਿਚ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਪਿਰਾਨਾ ਪਿੰਡ ਵਿਚ ਹੋਏ ਆਰਐੱਸਐੱਸ ਦੇ ਕੌਮੀ ਇਜਲਾਸ ਵਿਚ ਇਹ ਅਹਿਦ ਕੀਤਾ ਗਿਆ ਕਿ 2025 ਤਕ ਸ਼ਾਖਾਵਾਂ ਦੀ ਗਿਣਤੀ ਇਕ ਲੱਖ ਤਕ ਪਹੁੰਚਾਈ ਜਾਵੇਗੀ; ਇਸ ਵੇਲੇ ਸ਼ਾਖਾਵਾਂ ਦੀ ਗਿਣਤੀ 60 ਤੋਂ 66 ਹਜ਼ਾਰ ਦੇ ਵਿਚਕਾਰ ਹੈ। ਆਰਐੱਸਐੱਸ ਨੇ ਹਮੇਸ਼ਾਂ ਸੱਭਿਆਚਾਰਕ ਰਾਸ਼ਟਰਵਾਦ ਦਾ ਪ੍ਰਚਾਰ ਕੀਤਾ ਹੈ ਜਿਸ ਵਿਚ ਹਿੰਦੂ ਧਰਮ ’ਤੇ ਆਧਾਰਿਤ ਸੱਭਿਆਚਾਰ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਇਸ ਦ੍ਰਿਸ਼ਟੀਕੋਣ ਤੋਂ ਉਨ੍ਹਾਂ ਧਰਮਾਂ, ਜਿਨ੍ਹਾਂ ਦੇ ਬਾਨੀਆਂ ਦਾ ਜਨਮ ਭਾਰਤ ਵਿਚ ਨਹੀਂ ਹੋਇਆ, ਨੂੰ ਬਾਹਰਲੇ, ਬੇਗ਼ਾਨੇ ਤੇ ਪਰਾਏ ਸਮਝਿਆ ਜਾਂਦਾ ਹੈ। ਆਰਐੱਸਐੱਸ ਦੇ ਪ੍ਰਮੁੱਖ ਆਗੂ ਹਮੇਸ਼ਾਂ ਕਹਿੰਦੇ ਰਹੇ ਹਨ ਕਿ ਇਨ੍ਹਾਂ ਧਰਮਾਂ (ਭਾਵ ਇਸਲਾਮ ਤੇ ਇਸਾਈ) ਦੇ ਲੋਕਾਂ ਨੂੰ ਹਿੰਦੂ ਧਰਮ ’ਤੇ ਆਧਾਰਿਤ ਸੱਭਿਆਚਾਰ ਨੂੰ ਅਪਣਾਉਣਾ ਪਵੇਗਾ ਭਾਵੇਂ ਕਿ ਇਨ੍ਹਾਂ ਕਥਨਾਂ ਵਿਚ ਸ਼ਬਦਾਂ ਦੀ ਤਬਦੀਲੀ ਹੁੰਦੀ ਰਹੀ ਹੈ। ਇਹ ਸੱਭਿਆਚਾਰਕ ਰਾਸ਼ਟਰਵਾਦ ਸ਼ਾਖਾਵਾਂ ਵਿਚ ਲਗਾਤਾਰ ਪ੍ਰਚਾਰਿਆ ਜਾਂਦਾ ਹੈ। ਆਰਐੱਸਐੱਸ ਅਨੁਸਾਰ ਉਸ ਦੁਆਰਾ ਪ੍ਰਚਾਰਿਆ ਜਾਂਦਾ ਰਾਸ਼ਟਰਵਾਦ ਹੀ ਸਹੀ ਹੈ ਅਤੇ ਦੂਸਰੇ ਲੋਕ, ਜਿਨ੍ਹਾਂ ਵਿਚ ਧਰਮ ਨਿਰਪੱਖ, ਉਦਾਰਵਾਦੀ ਅਤੇ ਖੱਬੇ-ਪੱਖੀ ਚਿੰਤਕ ਵੀ ਸ਼ਾਮਲ ਹਨ, ਦੀਆਂ ਧਾਰਨਾਵਾਂ ਗ਼ਲਤ ਹਨ।
ਆਰਐੱਸਐੱਸ ਦੇ ਬਾਨੀ ਇਹ ਮਹਿਸੂਸ ਕਰਦੇ ਸਨ ਕਿ ਮੁਸਲਮਾਨ ਭਾਈਚਾਰਾ ਸੰਗਠਿਤ ਹੈ ਅਤੇ ਹਿੰਦੂ ਭਾਈਚਾਰੇ ਨਾਲ ਵਧੀਕੀਆਂ ਕਰਦਾ ਹੈ; ਉਨ੍ਹਾਂ ਨੇ ਇਸ ਲੋੜ ਨੂੰ ਮਹਿਸੂਸ ਕਰਦਿਆਂ ਇਸ ਸੰਗਠਨ ਦੀ ਨੀਂਹ ਰੱਖੀ। ਆਰਐੱਸਐੱਸ ਨੇ ਵਿਚਾਰਧਾਰਕ ਘਣਤਾ ਵਾਲਾ ਅਜਿਹਾ ਇਕਸਾਰ ਬਿਰਤਾਂਤ ਸਿਰਜਿਆ ਹੈ ਜਿਸ ਵਿਚ ਪੁਰਾਤਨ ਭਾਰਤ ਨੂੰ ਦੁਨੀਆ ਦਾ ਸਭ ਤੋਂ ਸੱਭਿਅਕ ਅਤੇ ਵਿਕਸਿਤ ਭੂਗੋਲਿਕ ਖ਼ਿੱਤਾ ਅਤੇ ਇੱਥੋਂ ਦੇ ਧਾਰਮਿਕ ਗ੍ਰੰਥਾਂ ਨੂੰ ਸਾਰੇ ਗਿਆਨ ਦੇ ਸੋਮੇ ਮੰਨਿਆ ਹੈ। ਇਸ ਬਿਰਤਾਂਤ ਅਨੁਸਾਰ ਹਿੰਦੂ ਭਾਈਚਾਰੇ ਵਿਚ ਆਏ ਵਿਗਾੜਾਂ ਦਾ ਕਾਰਨ ਮੁੱਖ ਤੌਰ ’ਤੇ ਮੁਸਲਮਾਨ ਹਮਲਾਵਰ ਅਤੇ ਸ਼ਾਸਕ ਹਨ; ਉਨ੍ਹਾਂ ਦੇ ਸ਼ਾਸਨ-ਕਾਲ ਨੂੰ ਗ਼ੁਲਾਮੀ ਵਜੋਂ ਚਿਤਵਿਆ ਗਿਆ ਹੈ। ਫ਼ਿਰੋਜ਼ ਤੁਗਲਕ ਅਤੇ ਔਰੰਗਜ਼ੇਬ ਜਿਹੇ ਸ਼ਾਸਕਾਂ ਦੀ ਧਾਰਮਿਕ ਕੱਟੜਤਾ ਅਤੇ ਜਬਰ ਨੂੰ ਸਲਤਨਤਾਂ ਅਤੇ ਮੁਗ਼ਲ ਬਾਦਸ਼ਾਹਤ ਦੇ ਪੂਰੇ ਸਮਿਆਂ ਦਾ ਵਰਤਾਰਾ ਮੰਨਿਆ ਜਾਂਦਾ ਹੈ। ਇਸ ਬਿਰਤਾਂਤ ਅਨੁਸਾਰ ਹਿੰਦੂ ਭਾਈਚਾਰਾ ਸਦੀਆਂ ਤੋਂ ਪੀੜਤ ਭਾਈਚਾਰਾ ਬਣ ਜਾਂਦਾ ਹੈ।
ਇਸ ਬਿਰਤਾਂਤ ਦੇ ਆਧਾਰ ’ਤੇ ਹੀ ਆਰਐੱਸਐੱਸ ਨੇ ਮਜ਼ਬੂਤ ਵਿਚਾਰਧਾਰਕ ਤੇ ਜਥੇਬੰਦਕ ਤਾਕਤ ਦੀ ਉਸਾਰੀ ਕੀਤੀ ਹੈ। ਹਿੰਦੂ ਭਾਈਚਾਰੇ ਦੀ ਵੱਡੀ ਗਿਣਤੀ ਇਸ ਬਿਰਤਾਂਤ ਵਿਚ ਵਿਸ਼ਵਾਸ ਕਰਦੀ ਹੈ। ਇਸ ਬਿਰਤਾਂਤ ਵਿਚ ਇਤਿਹਾਸ ਦਾ ਸਰਲੀਕਰਨ ਚਰਮ-ਸੀਮਾ ’ਤੇ ਹੈ। ਉਦਾਹਰਨ ਦੇ ਤੌਰ ’ਤੇ ਇਹ ਬਿਰਤਾਂਤ ਪੁਰਾਤਨ ਭਾਰਤ ਵਿਚ ਬੁੱਧ ਧਰਮ ਦੇ ਜਨਮ, ਫੈਲਣ ਤੇ ਖ਼ਤਮ ਹੋ ਜਾਣ ਸਬੰਧੀ ਪ੍ਰਸ਼ਨਾਂ ਬਾਰੇ ਚੁੱਪ ਹੈ; ਇਸ ਦਾ ਕਾਰਨ ਹਿੰਦੂ ਧਰਮ ਦਾ ਸਹਿਜ ਰੂਪ ਵਿਚ ਸਰਬਸ੍ਰੇਸ਼ਠ ਹੋਣਾ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਮੁਗ਼ਲ ਬਾਦਸ਼ਾਹਤਾਂ ਵਿਚ ਰਾਜਪੂਤ ਅਤੇ ਹੋਰ ਹਿੰਦੂ ਰਾਜਿਆਂ ਦੀ ਭਾਈਵਾਲੀ ਨੂੰ ਪਾਸੇ ਕਰ ਕੇ ਉਨ੍ਹਾਂ ਨੂੰ ਨਿਰੋਲ ਜ਼ੁਲਮ ਦੇ ਰਾਜ ਗਰਦਾਨਿਆ ਜਾਂਦਾ ਹੈ। ਇਸ ਬਿਰਤਾਂਤ ਨੂੰ ਸੱਤਾ ਦੇ ਜ਼ੋਰ ਨਾਲ ਵਧਾਇਆ ਅਤੇ ਪ੍ਰਚਾਰਿਆ ਜਾਂਦਾ ਹੈ।
ਇਸ ਬਿਰਤਾਂਤ ’ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾ ਸਕਦੇ ਹਨ; ਜਿਵੇਂ ਦੁਨੀਆ ਵਿਚ ਨਵੇਂ ਧਰਮਾਂ ਦਾ ਜਨਮ ਹੋਣਾ ਅਤੇ ਫੈਲਣਾ ਕੁਦਰਤੀ ਸਮਾਜਿਕ-ਸੱਭਿਆਚਾਰਕ ਵਰਤਾਰਾ ਹੈ। ਨੇਪਾਲ-ਭਾਰਤ ਤੋਂ ਉਪਜਿਆ ਬੁੱਧ ਧਰਮ ਰੂਸ ਤੋਂ ਚੀਨ-ਜਪਾਨ ਤਕ ਫੈਲ ਗਿਆ। ਫ਼ਲਸਤੀਨ ਵਿਚ ਪੈਦਾ ਹੋਇਆ ਇਸਾਈ ਧਰਮ ਸਾਰੀ ਦੁਨੀਆ ਵਿਚ ਫੈਲਿਆ। ਸਾਊਦੀ ਅਰਬ ਵਿਚ ਪੈਦਾ ਹੋਇਆ ਇਸਲਾਮ ਸਪੇਨ, ਚੀਨ, ਇਥੋਪੀਆ ਅਤੇ ਇੰਡੋਨੇਸ਼ੀਆ ਤਕ ਫੈਲਿਆ। ਨਵੇਂ ਧਰਮਾਂ ਦੇ ਪੈਦਾ ਹੋਣ ਤੇ ਫੈਲਣ ਨੂੰ ਰੋਕਿਆ ਨਹੀਂ ਜਾ ਸਕਦਾ। ਨਵੇਂ ਧਰਮ ਲੋਕਾਂ ਨੂੰ ਨਵੀਆਂ ਸਮਾਜਿਕ ਅਤੇ ਸੱਭਿਆਚਾਰਕ ਸੰਭਾਵਨਾਵਾਂ ਤੇ ਆਸਾਂ-ਉਮੀਦਾਂ ਨਾਲ ਊਰਜਿਤ ਕਰਦੇ ਅਤੇ ਫੈਲਦੇ ਹਨ। ਭਾਰਤ ਵਿਚ ਇਸਲਾਮ ਦੀ ਆਮਦ ਇਸੇ ਤਰ੍ਹਾਂ ਕੁਦਰਤੀ ਤੇ ਸੁਭਾਵਿਕ ਸੀ।
ਭਾਈਚਾਰਿਆਂ ਦਾ ਮਾਨਸਿਕ ਸੰਸਾਰ ਕਦੇ ਵੀ ਜਟਿਲ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦਾ; ਹਰ ਭਾਈਚਾਰਾ ਆਪਣੇ ਆਪ ਨੂੰ ਸਰਬਸ੍ਰੇਸ਼ਠ ਸਮਝਦਾ ਹੈ। ਸੰਘ ਪਰਿਵਾਰ ਅਤੇ ਉਸ ਦੀਆਂ ਸਹਿਯੋਗੀ ਸੰਸਥਾਵਾਂ ਨੇ ਆਪਣੀ ਅਣਥੱਕ ਮਿਹਨਤ, ਵਿੱਦਿਆ-ਪ੍ਰਚਾਰ ਅਤੇ ਕਈ ਹੋਰ ਤਰੀਕਿਆਂ ਨਾਲ ਹਿੰਦੂ ਭਾਈਚਾਰੇ ਦੇ ਮਨ ਨੂੰ ਉਪਰੋਕਤ ਬਿਰਤਾਂਤ ਨੂੰ ਸਵੀਕਾਰ ਕਰਨ ਲਈ ਤਿਆਰ ਕੀਤਾ ਹੈ। ਭਾਰਤੀ ਜਨਤਾ ਪਾਰਟੀ ਇਸ ਬਿਰਤਾਂਤ ਦੀ ਵਿਚਾਰਧਾਰਕ ਜ਼ਮੀਨ ’ਤੇ ਬਣੀ ਤੇ ਪਣਪੀ ਹੋਈ ਪਾਰਟੀ ਹੈ।
ਇਸ ਬਿਰਤਾਂਤ ਦੇ ਸਹਾਰੇ ਭਾਜਪਾ ਹਿੰਦੂ ਭਾਈਚਾਰੇ ਨੂੰ ਇਕ ਅਜਿਹਾ ਭਾਵਨਾਤਮਕ ਸਮਾਜ ਬਣਾਉਣ ਵਿਚ ਸਫ਼ਲ ਹੋਈ ਹੈ ਜਿਹੜਾ ਇਹ ਸਮਝਦਾ ਹੈ ਕਿ ਉਹ ਸਦੀਆਂ ਤੋਂ ਮੁਸਲਮਾਨ ਅਤੇ ਇਸਾਈ (ਅੰਗਰੇਜ਼) ਸ਼ਾਸਕਾਂ ਦੁਆਰਾ ਪੀੜਤ ਹੈ। ਇਸ ਬਿਰਤਾਂਤ ਵਿਚ ਇਹ ਵੀ ਨਿਹਿਤ ਹੈ ਕਿ ਘੱਟਗਿਣਤੀ ਫ਼ਿਰਕਿਆਂ ਦੇ ਵਡੇਰਿਆਂ ਨੇ ਹਿੰਦੂਆਂ ’ਤੇ ਜ਼ੁਲਮ ਕੀਤੇ ਸਨ ਅਤੇ ਇਸ ਲਈ ਇਨ੍ਹਾਂ ਫ਼ਿਰਕਿਆਂ ਨੂੰ ਸਬਕ ਸਿਖਾਉਣਾ ਅਤੇ ਵੱਸ ਵਿਚ ਰੱਖਣਾ ਜ਼ਰੂਰੀ ਹੈ। ਇਸ ਲਈ ਹਜੂਮੀ ਹਿੰਸਾ ਤੋਂ ਲੈ ਕੇ ਲਬਿਾਸ ਤੇ ਭੋਜਨ ਬਾਰੇ ਸਵਾਲ ਕਰਨ, ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ ਦੀ ਦੇਸ਼ ਭਗਤੀ ’ਤੇ ਸਵਾਲ ਉਠਾਉਣ ਦੇ ਨਾਲ ਨਾਲ ਅਜਿਹੀਆਂ ਹੋਰ ਉਤੇਜਨਾ ਭਰਪੂਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਕਾਰਨ ਸਮਾਜ ਵਿਚ ਭਾਵਨਾਵਾਂ ਦਾ ਪਾਣੀ ਹਮੇਸ਼ਾ ਗਰਮ/ਤੱਤਾ ਹੁੰਦਾ ਰਹਿੰਦਾ ਹੈ; ਵੱਖ ਵੱਖ ਕਾਰਵਾਈਆਂ ਕਰ ਕੇ ਜਾਂ ਬਿਆਨ ਦੇ ਕੇ ਉਸ ਨੂੰ ਜ਼ਰੂਰਤ ਮੁਤਾਬਿਕ ਉਬਾਲੇ ਦਿਵਾਏ ਜਾਂਦੇ ਹਨ। ਹਿੰਦੂ ਭਾਈਚਾਰੇ ਨੂੰ ਇਹ ਯਕੀਨ ਦਿਵਾਇਆ ਗਿਆ ਹੈ ਕਿ ਉਸ ਨੂੰ ਸਦੀਆਂ ਬਾਅਦ ਹੁਣ ਭਾਵ ਭਾਜਪਾ ਦੇ ਸ਼ਾਸਨ ਦੌਰਾਨ ‘ਅਸਲੀ ਆਜ਼ਾਦੀ’ ਮਿਲੀ ਹੈ ਅਤੇ ਭਾਜਪਾ ਨੂੰ ਜਿਤਾਉਣ ਨਾਲ ਹੀ ਉਹ ‘ਅਸਲੀ ਆਜ਼ਾਦੀ’ ਕਾਇਮ ਰਹਿ ਸਕਦੀ ਹੈ। ਭਾਵਨਾਤਮਕ ਬਣਾ ਦਿੱਤੇ ਇਸ ਸੰਸਾਰ ਵਿਚ ਹਿੰਦੂ ਮਜ਼ਦੂਰ ਜਮਾਤ ਵੀ ਹੈ, ਕਿਸਾਨ, ਛੋਟੇ ਕਾਰੋਬਾਰੀ ਅਤੇ ਗ਼ਰੀਬ ਵਰਗ ਵੀ ਹਨ ਭਾਵੇਂ ਭਾਜਪਾ ਸਰਕਾਰ ਕਾਰਪੋਰੇਟੀ ਵਿਕਾਸ ਦੀ ਮੁਦਈ ਹੈ। ਵਿਰੋਧੀ ਪਾਰਟੀਆਂ ਸਾਹਮਣੇ ਮੁੱਖ ਚੁਣੌਤੀ ਇਹ ਹੈ ਕਿ ਉਹ ਭਾਵਨਾਤਮਕ ਬਣਾ ਦਿੱਤੇ ਗਏ ਇਸ ਸਮਾਜ ਨੂੰ ਕਿਵੇਂ ਸਮਝਾਉਣ ਕਿ ਉਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਸੱਭਿਆਚਾਰਕ-ਇਤਿਹਾਸਕ ਬਿਰਤਾਂਤ ਗ਼ਲਤ ਹੈ। ਭਾਵਨਾਤਮਕ ਬਣਾ ਦਿੱਤੇ ਗਏ ਇਸ ਸਮਾਜ ਨੂੰ ਸਾਂਝੀਵਾਲਤਾ, ਸਮਾਜਿਕ ਏਕਤਾ ਤੇ ਸਮਤਾ ਦੇ ਬਿਰਤਾਂਤ ਵੱਲ ਖਿੱਚਣਾ ਅਜਿਹਾ ਸਿਆਸੀ-ਸੱਭਿਆਚਾਰਕ-ਇਤਿਹਾਸਕ ਕਾਰਜ ਹੈ ਜਿਸ ਦੀ ਚਾਬੀ ਲੱਭਣ ਲਈ ਸਾਰੀਆਂ ਵਿਰੋਧੀ ਪਾਰਟੀਆਂ ਜੂਝ ਰਹੀਆਂ ਹਨ।
ਆਮ ਕਰਕੇ ਵਿਰੋਧੀ ਪਾਰਟੀਆਂ ਬਹੁਤ ਮਕਾਨਕੀ ਢੰਗ ਨਾਲ ਇਸ ਬਿਰਤਾਂਤ ਨੂੰ ਗ਼ਲਤ ਕਹਿੰਦੀਆਂ ਹਨ; ਉਹ ਭਾਜਪਾ ’ਤੇ ਧਰਮ-ਆਧਾਰਿਤ ਸਿਆਸਤ ਕਰਨ ਅਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਗਾਉਂਦੀਆਂ ਹਨ। ਭਾਵਨਾਤਮਕ ਬਣਾ ਦਿੱਤੇ ਗਏ ਹਿੰਦੂ ਸਮਾਜ ਵਿਚ ਵਿਰੋਧੀ ਬਿਰਤਾਂਤ ਤਿੰਨ ਪ੍ਰਮੁੱਖ ਕਾਰਨਾਂ ਕਰਕੇ ਅਸਰ ਨਹੀਂ ਕਰਦਾ: ਪਹਿਲਾ, ਇਹ ਕਿ ਵਿਰੋਧੀ ਪਾਰਟੀਆਂ ਖ਼ੁਦ ਸਿਆਸੀ ਨੈਤਿਕਤਾ ਅਤੇ ਅੰਦਰੂਨੀ ਜਮਹੂਰੀਅਤ ਤੋਂ ਵਿਰਵੀਆਂ ਹਨ; ਦੂਸਰਾ, ਇਸ ਲਈ ਕਿ ਲੋਕਾਂ ਨੇ ਉਨ੍ਹਾਂ ਦੀਆਂ ਹਕੂਮਤਾਂ ਦੌਰਾਨ ਰਿਸ਼ਵਤਖੋਰੀ ਅਤੇ ਕੁਨਬਾਪਰਵਰੀ ਦੀਆਂ ਸਿਖ਼ਰਾਂ ਦੇਖੀਆਂ ਹਨ; ਤੀਸਰਾ, ਇਹ ਕਿ ਵਿਰੋਧੀ ਬਿਰਤਾਂਤ ਦੀ ਮਕਾਨਕੀ ਬਣਤਰ ਕਾਰਨ ਭਾਜਪਾ ਹਿੰਦੂ ਭਾਈਚਾਰੇ ਨੂੰ ਇਹ ਕਹਿਣ ਵਿਚ ਸਫ਼ਲ ਹੁੰਦੀ ਹੈ ਕਿ ਦੇਖੋ ਇਹ ਪਾਰਟੀਆਂ ਹਿੰਦੂ-ਵਿਰੋਧੀ ਹਨ। ਵਿਰੋਧੀ ਪਾਰਟੀਆਂ ਜਨ-ਅੰਦੋਲਨ ਕਰਨ ਅਤੇ ਸੱਭਿਆਚਾਰਕ ਤੇ ਸਮਾਜਿਕ ਕਾਰਜਾਂ ਵਿਚ ਰੁਚੀ ਲੈਣ ਤੋਂ ਵੀ ਝਿਜਕਦੀਆਂ ਹਨ।
ਆਮ ਆਦਮੀ ਪਾਰਟੀ ਪਹਿਲੀ ਅਜਿਹੀ ਪਾਰਟੀ ਹੈ ਜਿਹੜੀ ਭਾਜਪਾ ਨੂੰ ਉਸ ਦੀ ਸਮਾਜਿਕ-ਸੱਭਿਆਚਾਰਕ ਜ਼ਮੀਨ ’ਤੇ ਚੁਣੌਤੀ ਦੇਣਾ ਚਾਹੁੰਦੀ ਹੈ। ‘ਆਪ’ ਭਾਵਨਾਤਮਕ ਬਣਾ ਦਿੱਤੇ ਹਿੰਦੂ ਸਮਾਜ ਵਿਚ ਇਹ ਦ੍ਰਿੜ੍ਹ ਕਰਨਾ ਚਾਹੁੰਦੀ ਹੈ ਕਿ ਉਨ੍ਹਾਂ ਦੀ ਆਪਣੀ ਤੇ ਭਾਜਪਾ ਨਾਲੋਂ ਜ਼ਿਆਦਾ ਕਾਰਜ-ਕੁਸ਼ਲ ਪਾਰਟੀ ਹੈ। ਇਸ ਦੇ ਨਾਲ ਨਾਲ ਉਹ ਭਾਜਪਾ ਦੇ ਰਾਸ਼ਟਰਵਾਦ ਦੇ ਬਿਰਤਾਂਤ ਨੂੰ ਚੁਣੌਤੀ ਦੇਣਾ ਚਾਹੁੰਦੀ ਹੈ। ਇਸ ਸਬੰਧ ਵਿਚ ਉਸ ਦਾ ਸਭ ਤੋਂ ਮਹੱਤਵਪੂਰਨ ਐਲਾਨ ਇਹ ਹੈ ਕਿ ਉਹ ਪਹਿਲੀ ਮਈ ਤੋਂ ਉੱਤਰ ਪ੍ਰਦੇਸ਼ ਵਿਚ ਆਰਐੱਸਐੱਸ ਦੀ ਤਰਜ਼ ’ਤੇ 10,000 ਤਿਰੰਗਾ ਸ਼ਾਖਾਵਾਂ ਜਥੇਬੰਦ ਕਰੇਗੀ। ‘ਆਪ’ ਦਾ ਕਹਿਣਾ ਹੈ ਕਿ ਇਨ੍ਹਾਂ ਸ਼ਾਖਾਵਾਂ ਵਿਚ ਉਹ ਲੋਕਾਂ ਨੂੰ ਸਹੀ ਰਾਸ਼ਟਰਵਾਦ ਦਾ ਗਿਆਨ ਦੇਵੇਗੀ; ਉਨ੍ਹਾਂ ਸ਼ਾਖਾਵਾਂ ਵਿਚ ਸੰਵਿਧਾਨ ਪੜ੍ਹਾਇਆ ਜਾਵੇਗਾ, ਸੰਵਿਧਾਨ ਦੀ ਪ੍ਰਸਤਾਵਨਾ ਵਿਸ਼ੇਸ਼ ਰੂਪ ਵਿਚ ਪੜ੍ਹੀ ਜਾਵੇਗੀ ਅਤੇ ਦੇਸ਼ ਭਗਤਾਂ ਦੀ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪਾਰਟੀ ਦੇ ਆਗੂ ਸੰਜੇ ਸਿੰਘ ਅਨੁਸਾਰ ਉਹ ਲਖਨਊ ਵਿਚ ਪਹਿਲੀ ਜੁਲਾਈ ਨੂੰ ਪਹਿਲੀ ਸ਼ਾਖਾ ਦੀ ਅਗਵਾਈ ਕਰੇਗਾ। ‘ਆਪ’ ਇਹ ਸ਼ਾਖਾਵਾਂ ਚਲਾਉਣ ਲਈ ਉੱਤਰ ਪ੍ਰਦੇਸ਼ ਵਿਚ 10,000 ‘ਤਿਰੰਗਾ ਸ਼ਾਖਾ ਪ੍ਰਮੁੱਖ’ ਨਿਯੁਕਤ ਕਰੇਗੀ। ਸ਼ਾਖਾਵਾਂ ਵਿਚ ਔਰਤਾਂ ਵੀ ਹਿੱਸਾ ਲੈਣਗੀਆਂ ਅਤੇ ਤਿਰੰਗਾ ਲਹਿਰਾਇਆ ਜਾਵੇਗਾ। ਆਰਐੱਸਐੱਸ ਦੀਆਂ ਸ਼ਾਖਾਵਾਂ ਵਿਚ ਭਗਵਾ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਉਨ੍ਹਾਂ ਵਿਚ ਸਿਰਫ਼ ਮਰਦ ਹੀ ਸ਼ਾਮਲ ਹੁੰਦੇ ਹਨ।
ਇਹ ਰਣਨੀਤੀ ਬਹੁਤ ਦਿਲਚਸਪ ਹੈ। ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਇਸ ਐਲਾਨ ਕਾਰਨ ਭੰਬਲਭੂਸੇ ਵਿਚ ਹਨ। ਸਿਆਸੀ ਮਾਹਿਰਾਂ ਸਾਹਮਣੇ ਦੋ ਪ੍ਰਮੁੱਖ ਪ੍ਰਸ਼ਨ ਹਨ: ਪਹਿਲਾ, ਇਹ ਕਿ ਕੀ ‘ਆਪ’ ਭਾਜਪਾ ਦੀ ਸੱਭਿਆਚਾਰਕ ਜ਼ਮੀਨ ਵਰਤ ਕੇ ਉਸ ਨੂੰ ਚੁਣੌਤੀ ਦੇ ਸਕੇਗੀ ਜਾਂ ਨਹੀਂ; ਦੂਸਰਾ, ਇਹ ਕਿ ਜੇ ਭਾਜਪਾ ਵਿਰੁੱਧ ਵਿਆਪਕ ਮੁਹਾਜ਼ ਬਣਾਇਆ ਜਾਂਦਾ ਹੈ ਤਾਂ ਉਸ ਵਿਚ ‘ਆਪ’ ਦੀ ਭੂਮਿਕਾ ਕੀ ਹੋਵੇਗੀ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਨੁਸਾਰ ‘ਆਪ’ ਕਿਸੇ ਹੋਰ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਪਾਵੇਗੀ। ਪਾਰਟੀ ਨੇ ਦਿੱਲੀ ਅਤੇ ਪੰਜਾਬ ਵਿਚ ਭਾਜਪਾ ਨੂੰ ਸੱਤਾ ਤੋਂ ਦੂਰ ਰੱਖ ਕੇ ਇਕ ਇਤਿਹਾਸਕ ਕਾਰਜ ਨਿਭਾਇਆ ਹੈ; ਉਹ ਆਪਣੇ ਵੋਟ-ਬੈਂਕ ਨੂੰ ਕਾਇਮ ਰੱਖਣ ਵਿਚ ਕਾਮਯਾਬ ਰਹੀ ਹੈ। ਜੁਲਾਈ ਵਿਚ ‘ਆਪ’ ਦੀਆਂ ਸ਼ਾਖਾਵਾਂ ਸ਼ੁਰੂ ਹੋਣ ਨਾਲ ਵਿਚਾਰਧਾਰਕ ਮੈਦਾਨ (landspace) ਵਿਚ ਇਕ ਨਵਾਂ ਬਾਬ (ਅਧਿਆਇ) ਸ਼ੁਰੂ ਹੋ ਜਾਵੇਗਾ। ‘ਆਪ’ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਕੀ ਉਹ ਆਪਣੀਆਂ ਸ਼ਾਖਾਵਾਂ ਰਾਹੀਂ ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਤੇ ਸਮਤਾ ਦਾ ਕੋਈ ਅਜਿਹਾ ਬਿਰਤਾਂਤ ਸਿਰਜ ਸਕੇਗੀ ਜਿਹੜਾ ਭਾਜਪਾ ਦੁਆਰਾ ਭਾਵਨਾਤਮਕ ਬਣਾ ਦਿੱਤੇ ਗਏ ਹਿੰਦੂ ਭਾਈਚਾਰੇ ਨੂੰ ਭਾਜਪਾ ਦੇ ਵੰਡਪਾਊ ਬਿਰਤਾਂਤ ਤੋਂ ਦੂਰੀ ਅਤੇ ਸੰਵਿਧਾਨ ਕੇਂਦਰਿਤ ਕਦਰਾਂ-ਕੀਮਤਾਂ ਨਾਲ ਨੇੜਤਾ ਬਣਾਉਣ ਲਈ ਪ੍ਰੇਰਿਤ ਕਰ ਸਕੇ।
– ਸਵਰਾਜਬੀਰ