ਪਵਨ ਗੋਇਲ
ਭੁੱਚੋ ਮੰਡੀ, 28 ਨਵੰਬਰ
ਪੰਜਾਬ ਸਰਕਾਰ ਵੱਲੋਂ ਪਹਿਲੀ ਦਸੰਬਰ ਤੋਂ ਸੂਬੇ ਭਰ ਵਿੱਚ ਰਾਤ ਦਾ ਕਰਫਿਊ ਲਗਾਉਣ ਦੇ ਕੀਤੇ ਹੁਕਮਾਂ ਨੇ ਦਸੰਬਰ ਵਿੱਚ ਵਿਆਹ ਸਮਾਗਮ ਕਰਨ ਵਾਲੇ ਪਰਿਵਾਰਾਂ ਅਤੇ ਇਨ੍ਹਾਂ ਨਾਲ ਸਬੰਧਤ ਕਾਰੋਬਾਰੀਆਂ ਨੂੰ ਵਖ਼ਤ ਪਾ ਦਿੱਤਾ ਹੈ। ਜਿਨ੍ਹਾਂ ਪਰਿਵਾਰਾਂ ਨੇ ਰਾਤ ਦੇ ਵਿਆਹ ਲਈ ਹੋਟਲ ਅਤੇ ਮੈਰਿਜ ਪੈਲੇਸ ਬੁੱਕ ਕਰਵਾਏ ਹੋਏ ਸਨ, ਉਹ ਰਾਤਾਂ ਦੀ ਬਜਾਏ ਦਿਨ ਵੇਲੇ ਵਿਆਹ ਕਰਨ ਦੇ ਯਤਨ ਕਰ ਰਹੇ ਹਨ ਪਰ ਦਿਨ ਵੇਲੇ ਹੋਰਨਾਂ ਵਿਆਹਾਂ ਦੀ ਬੁਕਿੰਗ ਹੋਣ ਕਾਰਨ ਉਨ੍ਹਾਂ ਨੂੰ ਮੈਰਿਜ ਪੈਲੇਸ, ਹੋਟਲ ਜਾਂ ਰੈਸਟੋਰੈਂਟ ਨਹੀਂ ਮਿਲ ਰਹੇ। ਜੇਕਰ ਕਿਸੇ ਨੂੰ ਮਿਲ ਵੀ ਜਾਵੇ ਤਾਂ ਉਨ੍ਹਾਂ ਦੀ ਫੋਟੋਗਰਾਫਰ ਅਤੇ ਬਿਊਟੀ ਪਾਰਲਰ ਸਮੇਤ ਵਿਆਹ ਨਾਲ ਸਬੰਧਤ ਹੋਰਨਾਂ ਕਾਰੋਬਾਰੀਆਂ ਨਾਲ ਸੈਟਿੰਗ ਨਹੀਂ ਬੈਠ ਰਹੀ। ਇਸੇ ਤਰਾਂ ਕਾਰੋਬਾਰੀ ਵਿਅਕਤੀ ਵੀ ਮੁਸ਼ਕਿਲ ਵਿੱਚ ਫਸੇ ਹੋਏ ਹਨ।
ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 15 ਦਸੰਬਰ ਤੱਕ ਰਾਤ ਦੇ ਕਰਫਿਊ ਵਿੱਚ ਵਿਆਹ ਸਮਾਗਮਾਂ ਨੂੰ ਛੋਟ ਦਿੱਤੀ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਦੀਆਂ ਤਾਜ਼ਾ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਰਾਤ ਦੇ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ ਅਤੇ ਹੋਟਲ ਤੇ ਮੈਰਿਜ ਪੈਲੇਸ ਰਾਤ ਦੇ 9:30 ਵਜੇ ਤੱਕ ਖੋਲ੍ਹੇ ਜਾ ਸਕਣਗੇ।