ਜਸਵੰਤ ਜੱਸ
ਫ਼ਰੀਦਕੋਟ, 28 ਨਵੰਬਰ
ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਰੋਡ ‘ਤੇ ਦਸ ਕਰੋੜ ਦੀ ਲਾਗਤ ਨਾਲ ਉਸਾਰੇ ਗਏ ਸੱਭਿਆਚਾਰਕ ਕੇਂਦਰ ਦੀ ਦੁਰਦਸ਼ਾ ਬੇਹੱਦ ਚਿੰਤਾਜਨਕ ਹੈ। ਸੱਭਿਆਚਾਰ ਕੇਂਦਰ ਜਿਸ ਵਿੱਚ ਬੱਚਿਆਂ ਲਈ ਖੇਡ ਪਾਰਕ, ਐਨਰਜੀ ਪਰਖ ਰੰਗਮੰਚ ਗੈਲਰੀ ਅਤੇ ਹੋਰ ਵੰਨਗੀਆਂ ਦੇ ਪਾਰਕ ਉਸਾਰੇ ਗਏ ਹਨ, ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਉਡੀਕ ਰਿਹਾ ਹੈ। ਪਾਰਕਨੁਮਾ ਇਸ ਸੱਭਿਆਚਾਰ ਕੇਂਦਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਪਿਛਲੇ ਚਾਰ ਚਾਰ ਸਾਲਾਂ ਤੋਂ ਮੁਕੰਮਲ ਤੌਰ ’ਤੇ ਬੰਦ ਪਿਆ ਹੈ। ਕਰੀਬ ਦਸ ਏਕੜ ਵਿੱਚ ਉਸਾਰੇ ਗਏ ਇਸ ਕੇਂਦਰ ਦੀ ਸਾਂਭ ਸੰਭਾਲ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰ ਰਹੀ ਹੈ। ਸੁਸਾਇਟੀ ਨੇ ਸੱਭਿਆਚਾਰਕ ਕੇਂਦਰ ਵਿੱਚ ਇੱਕ ਟਰੇਨ ਰੈਸਟੋਰੈਂਟ ਅਤੇ ਇਕ ਕਾਨਫਰੰਸ ਹਾਲ ਦੀ ਉਸਾਰੀ ਵੀ ਕਰਵਾਈ ਹੈ ਤਾਂ ਜੋ ਮਨੋਰੰਜਨ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਪ੍ਰਫੁੱਲਤ ਕੀਤਾ ਜਾ ਸਕੇ ਪ੍ਰੰਤੂ ਇਸ ਦਸ ਕਰੋੜ ਦੇ ਪ੍ਰਾਜੈਕਟ ਦੀ ਸਹੀ ਸੰਭਾਲ ਨਾ ਹੋਣ ਕਾਰਨ ਇਸ ਦਾ ਵੱਡਾ ਹਿੱਸਾ ਨਕਾਰਾ ਹੋ ਗਿਆ ਹੈ।
ਇਸ ਕੇਂਦਰ ਵਿੱਚ ਲਾਈਆਂ ਗਈਆਂ ਸੂਰਜੀ ਊਰਜਾ ਦੀਆਂ 90 ਫ਼ੀਸਦੀ ਲਾਈਟਾਂ ਵੀ ਖਰਾਬ ਹੋ ਗਈਆਂ ਹਨ। ਇਸ ਤੋਂ ਇਲਾਵਾ ਵੰਨ ਸੁਵੰਨੇ ਪਾਰਕਾਂ ਦੀ ਹੋਂਦ ਵੀ ਖ਼ਤਮ ਹੋ ਗਈ ਹੈ। ਰੈੱਡ ਕਰਾਸ ਸੁਸਾਇਟੀ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸੱਭਿਆਚਾਰਕ ਕੇਂਦਰ ਨੂੰ ਮੁੜ ਪੈਰਾਂ ਸਿਰ ਕਰਨ ਲਈ ਪ੍ਰਸ਼ਾਸਨ ਆਪਣੇ ਪੱਧਰ ’ਤੇ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ 20 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੀ ਹਾਲਤ ਸੁਧਾਰੀ ਗਈ ਸੀ ਪ੍ਰੰਤੂ ਕਰੋਨਾ ਕਾਰਨ ਸਾਰੀਆਂ ਗਤੀਵਿਧੀਆਂ ਇੱਕ ਵਾਰ ਠੱਪ ਹੋ ਗਈਆਂ ਸਨ। ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸੱਭਿਆਚਾਰਕ ਕੇਂਦਰ ਫਰੀਦਕੋਟ ਦਾ ਸਭ ਤੋਂ ਵੱਡਾ ਅਤੇ ਅਹਿਮ ਕੇਂਦਰ ਹੈ ਅਤੇ ਇਸ ਵਿੱਚ ਵੱਡੇ ਪਾਰਕ ਤੇ ਮੀਟਿੰਗ ਹਾਲ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਇਸ ਕੇਂਦਰ ਦੀ ਸਾਂਭ-ਸੰਭਾਲ ਲਈ ਲੋੜੀਂਦੇ ਫੰਡ ਜਲਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫੰਡ ਮਿਲਣ ਤੋਂ ਬਾਅਦ ਇੱਥੇ ਬੱਚਿਆਂ ਦੇ ਪਾਰਕ ਨੂੰ ਮੁੜ ਵਿਕਸਤ ਕੀਤਾ ਜਾਵੇਗਾ ਅਤੇ ਬੱਚਿਆਂ ਲਈ ਬਣਾਏ ਗਏ ਬਾਕੀ ਪੰਘੂੜੇ ਵੀ ਚਾਲੂ ਕਰ ਦਿੱਤੇ ਜਾਣਗੇ।
ਕੁਸ਼ਲਦੀਪ ਢਿੱਲੋਂ ਨੇ ਕਿਹਾ ਕਿ ਰੰਗਮੰਚ ਗੈਲਰੀ ਤੇ ਮੀਟਿੰਗ ਹਾਲ ਦੀ ਮੁਰੰਮਤ ਕਰਵਾ ਦਿੱਤੀ ਹੈ ਅਤੇ ਹੁਣ ਇਹ ਵਰਤਣਯੋਗ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸੱਭਿਆਚਾਰ ਕੇਂਦਰ ਆਮ ਲੋਕਾਂ ਅਤੇ ਨੌਜਵਾਨਾਂ ਲਈ ਉਸਾਰਿਆ ਗਿਆ ਸੀ ਪ੍ਰੰਤੂ ਇਸ ਦੀ ਸਹੀ ਦੇਖਭਾਲ ਨਾ ਹੋਣ ਕਰਕੇ ਬੇਹੱਦ ਕੀਮਤੀ ਪ੍ਰਾਜੈਕਟ ਨਕਾਰਾ ਹੋ ਗਿਆ ਹੈ।