ਸੁਖਮਿੰਦਰ ਸਿੰਘ ਸੇਖੋਂ
ਪੁਸਤਕ ਪੜਚੋਲ
ਸਾਹਿਤਕ ਮੰਚ ’ਤੇ ਲੇਖਿਕਾ ਮਨਦੀਪ ਰਿੰਪੀ ਤੇਜ਼ੀ ਨਾਲ ਉੱਭਰੀ ਹੈ। ਉਸ ਦੀਆਂ ਰਚਨਾਵਾਂ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ ਅਤੇ ਉਸ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਹਨ ਜਿਵੇਂ ਜਦੋਂ ਤੂੰ ਚੁੱਪ ਸੀ (ਕਾਵਿ ਸੰਗ੍ਰਹਿ), ਕਿੱਟੀ ਦੀ ਖੀਰ (ਬਾਲ ਰਚਨਾਵਾਂ) ਅਤੇ ਹੁਣ ਹੱਥਲਾ ਨਾਵਲ ‘ਜ਼ਿੰਦਗੀ ਪਰਤ ਆਈ’ (ਕੀਮਤ: 300 ਰੁਪਏ; ਯੂਨੀਸਟਾਰ ਬੁੱਕਸ, ਚੰਡੀਗੜ੍ਹ)। ਦਰਅਸਲ, ਕਹਾਣੀਆਂ ਲਿਖਦਿਆਂ ਲਿਖਦਿਆਂ ਉਹ ਨਾਵਲ ਦੇ ਰਸਤੇ ਹੋ ਤੁਰੀ ਤੇ ਆਪਣੀ ਜ਼ਿੰਦਗੀ ਤੇ ਆਲੇ-ਦੁਆਲੇ ਦੀਆਂ ਘਟਨਾਵਾਂ ਨੂੰ ਯਥਾਰਥ ਦੀ ਜ਼ਮੀਨ ’ਤੇ ਵਿਚਾਰਦਿਆਂ ਆਪਣੀ ਕਲਪਨਾ ਦੀ ਉਡਾਣ ਨਾਲ ਪਾਠਕਾਂ ਦੀ ਕਚਹਿਰੀ ਵਿੱਚ ਆ ਪੇਸ਼ ਹੋਈ ਹੈ। ਨਾਵਲ ਮੁਸਕਾਨ ਨਾਂ ਦੀ ਪਾਤਰ ’ਤੇ ਆਧਾਰਿਤ ਹੈ ਜੋ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਅੰਜਾਮ ਦੇਣ ਲਈ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕਰਦੀ ਹੈ, ਪਰ ਉਮਰ ਦੇ ਵਧਣ ਨਾਲ ਉਹ ਜਦੋਂ ਆਤਮ ਮੰਥਨ ਕਰਦੀ ਹੈ ਤਾਂ ਅੰਤ ਵਿਆਹ ਕਰਵਾਉਣ ਦਾ ਨਿਰਣਾ ਵੀ ਲੈ ਲੈਂਦੀ ਹੈ।
ਆਪਣੀਆਂ ਖ਼ੁਆਹਿਸ਼ਾਂ ਦਾ ਗਲਾ ਘੁੱਟਦਿਆਂ ਮਨੁੱਖ ਦੂਸਰਿਆਂ ਲਈ ਜਿਉਂਦਾ ਹੈ ਤਾਂ ਰਫ਼ਤਾ ਰਫ਼ਤਾ ਉਸ ਨੂੰ ਸ਼ਿੱਦਤ ਨਾਲ ਅਹਿਸਾਸ ਹੋਣ ਲੱਗਦਾ ਹੈ ਕਿ ਉਸ ਨੇ ਜਿਨ੍ਹਾਂ ਲਈ ਆਪਣੀਆਂ ਖ਼ੁਸ਼ੀਆਂ ਦਾ ਤਿਆਗ ਕੀਤਾ ਤੇ ਆਪਣੇ ਅਰਮਾਨਾਂ ਨੂੰ ਦਰਕਿਨਾਰ ਕਰਦਿਆਂ ਆਪਣੀ ਜ਼ਿੰਦਗੀ ਉਨ੍ਹਾਂ ਦੇ ਲੇਖੇ ਲਾ ਦਿੱਤੀ, ਪਰ ਵਕਤ ਨਾਲ ਉਹ ਵੀ ਬਦਲ ਗਏ ਜਾਂ ਉਸ ਨੂੰ ਅਣਗੌਲਿਆਂ ਕਰਨ ਲੱਗੇ ਹਨ ਤਾਂ ਇਸ ਮੁਕਾਮ ’ਤੇ ਅੱਪੜਿਆ ਬੰਦਾ ਹੁਣ ਕੀ ਕਰੇ? ਇਸ ਨਾਵਲ ਦੀ ਨਾਰੀ ਪਾਤਰ ਅਜਿਹੇ ਮੋੜ ’ਤੇ ਆ ਕੇ ਹੀ ਅਖੀਰ ਵਿਆਹ ਕਰਵਾਉਣ ਲਈ ਮਜਬੂਰ ਹੁੰਦੀ ਹੈ। ਪਰਿਵਾਰ ਤੇ ਸਮਾਜ ਉਸ ਵੱਲੋਂ ਲਏ ਗਏ ਫ਼ੈਸਲੇ ਨੂੰ ਜਿਵੇਂ ਵੀ ਲਵੇ, ਪਰ ਉਸ ਨੂੰ ਕੀ ਆਪਣੀ ਜ਼ਿੰਦਗੀ ਬਾਰੇ ਸੋਚਣ ਦਾ ਹੱਕ ਨਹੀਂ? ਨਾਵਲ ਵਿੱਚ ਨਿੱਕੇ ਨਿੱਕੇ ਮੋੜ ਆਉਂਦੇ ਹਨ ਤੇ ਪਾਤਰ ਆਪੋ ਆਪਣੀ ਭੂਮਿਕਾ ਨਿਭਾਉਂਦੇ ਨਾਵਲ ਦੀ ਕਹਾਣੀ ਨੂੰ ਅਗਾਂਹ ਤੋਰਦੇ ਹਨ। ਨਾਵਲਕਾਰ ਦਾ ਦਖਲ ਵੀ ਨਜ਼ਰ ਆਉਂਦਾ ਹੈ। ਨਾਵਲ ਦੀ ਕਹਾਣੀ ਬੇਸ਼ੱਕ ਆਪਣੀ ਸੁਭਾਵਿਕ ਤੋਰ ਤੁਰਦੀ ਹੈ, ਪਰ ਇਹ ਨਾਵਲ ਅਜੋਕੇ ਹਕੀਕੀ, ਯਥਾਰਥਕ ਨਾਵਲ ਦੇ ਬਰਾਬਰ ਆਪਣਾ ਅਲੱਗ ਮੁਕਾਮ ਰੱਖਦਾ ਹੈ। ਆਦਰਸ਼ਕ ਨਾਵਲਾਂ ਦਾ ਦੌਰ ਚਾਹੇ ਕਦੋਂ ਦਾ ਖ਼ਤਮ ਹੋ ਚੁੱਕਾ ਹੈ, ਪਰ ਸਮਾਨਾਂਤਰ ਰੂਪ ਵਿੱਚ ਲਿਖੇ ਅਜਿਹੇ ਨਾਵਲਾਂ ਦਾ ਆਪਣਾ ਮਹੱਤਵ ਹੈ ਜਿਸ ਨੂੰ ਆਮ ਪਾਠਕ ਪੜ੍ਹਨਾ ਪਸੰਦ ਕਰਦੇ ਹਨ। ਨਾਵਲ ਦਾ ਇੱਕ ਵਾਕ, ਸੰਵਾਦ ਵੇਖਿਆਂ ਹੀ ਬਣਦਾ ਹੈ- ਪੁਸ਼ਪਿੰਦਰ, ਤੂੰ ਮੇਰੇ ਨਾਲ ਲੜਦੀ ਕਿਉਂ ਨਹੀਂ? ਮੇਰੇ ਨਾਲ ਲੜ, ਆਪਣੇ ਮਨ ਦੀ ਭੜਾਸ ਕੱਢ ਮੇਰੇ ’ਤੇ।
ਨਾਵਲ ਵਿੱਚ ਕਿੰਨੇ ਹੀ ਨਿੱਕੇ ਵੱਡੇ ਪਾਤਰ ਹਨ ਜਿਵੇਂ ਬਲਦੇਵ ਸਿੰਘ, ਹਰਦੇਵ ਕੌਰ, ਗੁਰਸੀਰਤ, ਮਾਸਟਰ ਸ਼ਾਮ ਲਾਲ, ਨਿਰਵੈਰ ਕੌਰ, ਗੁਰਬਾਜ਼ ਆਦਿ। ਨਾਵਲਕਾਰ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਪਾਤਰ ਆਪੋ ਆਪਣੇ ਸੁਭਾਅ ਨਾਲ ਵਿਚਰਣ ਤੇ ਆਪਣੇ ਕਿਰਦਾਰ ਦੀ ਪੂਰਤੀ ਕਰਨ। ਅਜਿਹਾ ਜ਼ਰੂਰੀ ਵੀ ਹੈ, ਪਾਤਰ ਕਿਸੇ ਕਹਾਣੀ ਜਾਂ ਨਾਵਲ ਵਿੱਚ ਲੇਖਕ ਦੀ ਕਠਪੁਤਲੀ ਨਾ ਜਾਪਣ ਤਾਂ ਉਹ ਸਾਹਿਤਕ ਕਿਰਤ ਬਿਹਤਰ ਬਣਨ ਦੀ ਸੰਭਾਵਨਾ ਬਣ ਜਾਂਦੀ ਹੈ। ਲੇਖਿਕਾ ਦੀ ਸ਼ੈਲੀ ਸਰਲ ਤੇ ਸਪਸ਼ਟ ਹੈ, ਕੋਈ ਉਚੇਚ ਜਾਂ ਹੇਰ ਫੇਰ ਨਹੀਂ। ਨਹੀਂ ਤਾਂ ਬਹੁਤੀ ਵਾਰ ਕਹਾਣੀਆਂ ਜਾਂ ਨਾਵਲ ਇੰਨੇ ਗੁੰਝਲਦਾਰ ਹੁੰਦੇ ਹਨ ਕਿ ਪਾਠਕ ਤੱਕ ਸੰਚਾਰ ਦੀ ਸਮੱਸਿਆ ਬਣੀ ਰਹਿੰਦੀ ਹੈ। ਇਹ ਵੀ ਜ਼ਰੂਰੀ ਬਣਦਾ ਹੈ ਕਿ ਕਹਾਣੀ ਦੇ ਨਾਲ ਨਾਲ ਕਲਾਤਮਕ ਉਚਿਆਈ ਵੀ ਹੋਵੇ ਤਾਂ ਸਾਹਿਤਕ ਕਿਰਤ ਜਾਨਦਾਰ ਹੋ ਨਿੱਬੜਦੀ ਹੈ। ਮੈਨੂੰ ਨਾਵਲਕਾਰ ਦੀ ਸੱਚੀ, ਸੁੱਚੀ ਤੇ ਸਪਸ਼ਟ ਸੋਚ ਦੇ ਮੱਦੇਨਜ਼ਰ ਖ਼ੁਸ਼ੀ ਹੈ ਕਿ ਲੇਖਿਕਾ ਨੇ ਸਿਰਫ਼ ਬਹੁਤ ਗੰਭੀਰ ਜਾਂ ਆਲੋਚਨਾਤਮਕ ਨਜ਼ਰੀਏ ਤੋਂ ਇਸ ਨਾਵਲ ਦੀ ਰਚਨਾ ਨਹੀਂ ਕੀਤੀ, ਉਸ ਨੇ ਆਪਣੀ ਗੱਲ ਸਿੱਧਿਆਂ ਪਾਠਕ ਅੱਗੇ ਰੱਖ ਦਿੱਤੀ ਹੈ ਜਿਸ ਵਿੱਚ ਉਹ ਸਫ਼ਲ ਰਹੀ ਹੈ।
ਸੰਪਰਕ: 98145-07693