ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 28 ਫਰਵਰੀ
ਦਿੱਲੀ ਦੰਗਿਆਂ ਦੇ ਮਾਮਲੇ ਵਿਚ ਹਾਈ ਕੋਰਟ ਨੇ ਕਈ ਵੱਡੀਆਂ ਸਿਆਸੀ ਹਸਤੀਆਂ ਨੂੰ ਨੋਟਿਸ ਭੇਜਿਆ ਹੈ। ਇਸ ਵਿਚ ਪੁੱਛਿਆ ਗਿਆ ਹੈ ਕਿ ਕਿਉਂ ਨਾ ਇਸ ਮਾਮਲੇ ਵਿਚ ਇਕ ਧਿਰ ਦੇ ਰੂਪ ’ਚ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਜਾਵੇ। ਅਦਾਲਤ ਨੇ ਇਸ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਨੋਟਿਸ ਭੇਜਿਆ ਹੈ। ਇਸ ਤੋਂ ਇਲਾਵਾ ਅਜਿਹਾ ਹੀ ਨੋਟਿਸ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਭਾਜਪਾ ਆਗੂ ਕਪਿਲ ਮਿਸ਼ਰਾ, ਭਾਜਪਾ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਵੀ ਭੇਜਿਆ ਗਿਆ ਹੈ। ਹਾਈ ਕੋਰਟ ਨੇ ਸਾਰਿਆਂ ਤੋਂ ਚਾਰ ਮਾਰਚ ਤੱਕ ਇਸ ’ਤੇ ਜਵਾਬ ਮੰਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਹੋਈ ਸੀ। ਇਸ ਵਿਚ ਦੰਗੇ ਭੜਕਾਉਣ ਵਿਚ ਕਥਿਤ ਭੂਮਿਕਾ ਲਈ ਸਿਆਸੀ ਆਗੂਆਂ ਸਹਿਤ ਕਈ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਉੱਤਰ-ਪੂਰਬੀ ਦਿੱਲੀ ਵਿਚ 2020 ਵਿਚ ਦੰਗੇ ਹੋਏ ਸਨ। ਇਨ੍ਹਾਂ ਲੋਕਾਂ ਤੋਂ ਇਲਾਵਾ ਆਪ ਆਗੂ ਮਨੀਸ਼ ਸਿਸੋਦੀਆ ਤੇ ਅਮਾਨਤੁੱਲ੍ਹਾ ਖਾਨ, ਏਆਈਐਮਆਈਐਮ ਨੇਤਾ ਵਾਰਿਸ ਪਠਾਣ ਤੇ ਅਕਬਰੂਦੀਨ ਓਵਾਇਸੀ, ਮਹਿਮੂਦ ਪ੍ਰਾਚਾ, ਹਰਸ਼ ਮੰਦਰ ਤੇ ਅਭਿਨੇਤਰੀ ਸਵਰਾ ਭਾਸਕਰ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।