ਸ਼ਗਨ ਕਟਾਰੀਆ
ਬਠਿੰਡਾ, 10 ਜੂਨ
ਜ਼ਿਲ੍ਹੇ ਦੇ ਪਿੰਡ ਚਾਉਕੇ ’ਚ 26 ਮਈ ਨੂੰ ਹੋਈ ਹਿੰਸਕ ਲੜਾਈ ਦੌਰਾਨ ਗੰਭੀਰ ਜ਼ਖ਼ਮੀ ਹਰਵਿੰਦਰ ਸਿੰਘ ਦੀ ਡੀਐੱਮਸੀ ਲੁਧਿਆਣਾ ਵਿੱਚ ਬੀਤੇ ਦਿਨ ਹੋਈ ਮੌਤ ਦਾ ਮਾਮਲਾ ਅੱਜ ਸੜਕਾਂ ’ਤੇ ਆ ਗਿਆ ਹੈ। ਅੱਜ ਇੱਥੇ ਵੱਡੀ ਗਿਣਤੀ ਵਿੱਚ ਮ੍ਰਿਤਕ ਦੇ ਵਾਰਸਾਂ ਅਤੇ ਸਮਰਥਕਾਂ ਨੇ ਇੱਥੇ ਮਿਨੀ ਸਕੱਤਰੇਤ ਅੱਗੇ ਧਰਨਾ ਲਗਾ ਕੇ ਹਮਲਾਵਰਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮਰਹੂਮ ਹਰਵਿੰਦਰ ਸਿੰਘ ਕਬੱਡੀ ਕੋਚ ਸੀ, ਉਹ ਅਤੇ ਉਸ ਦੇ ਸਹਿਯੋਗੀ ਖਿਡਾਰੀ ਸਟੇਡੀਅਮ ’ਚ ਆ ਕੇ ਚਿੱਟਾ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਰੋਕਦੇ ਸਨ। ਇਸੇ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਹੋਈ ਤਲਖ਼ ਤਕਰਾਰ ਮਗਰੋਂ ਤਸਕਰਾਂ ਨੇ ਹਰਵਿੰਦਰ ਸਿੰਘ ਤੇ ਸਾਥੀਆਂ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਤੇ ਹਮਲੇ ਦੌਰਾਨ ਬਾਰੂਦੀ ਅਤੇ ਤੇਜ਼ਧਾਰ ਹਥਿਆਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਵਾਰਦਾਤ ’ਚ ਜ਼ਖ਼ਮੀ ਹੋਇਆਂ ਨੂੰ ਰਾਮਪੁਰਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਹਰਵਿੰਦਰ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਹੋਇਆ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਡੀਐੱਮਸੀ ਰੈਫ਼ਰ ਕਰ ਦਿੱਤਾ। ਜਿੱਥੇੇ ਬੀਤੇ ਦਿਨ ਉਸਦੀ ਮੌਤ ਹੋ ਗਈ।
ਵਿਖਾਵਾਕਾਰੀਆਂ ਨੇ ਪੁਲੀਸ ’ਤੇ ਇਸ ਮਾਮਲੇ ’ਚ ਨਸ਼ਾ ਤਸਕਰਾਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਮਜਬੂਰਨ ਸੜਕਾਂ ’ਤੇ ਨਿਕਲੇ ਹਨ ਤੇ ਇਨਸਾਫ਼ ਦੀ ਮੰਗ ਕਰੇ ਰਹੇ ਹਨ।
ਉਧਰ ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ 26 ਮਈ ਦੀ ਸ਼ਾਮ ਨੂੰ ਪਿੰਡ ਚਾਓਕੇ ’ਚ ਦੋ ਗਰੁੱਪਾਂ ਦਰਮਿਆਨ ਲੜਾਈ ਹੋਈ ਸੀ। ਉਨ੍ਹਾਂ ਕਿਹਾ ਉਸੇ ਦਿਨ ਕਿਸਾਨੀ ਸੰਘਰਸ਼ ਦਾ ਅਹਿਮ ਦਿਨ ਹੋਣ ਕਰਕੇ ਪੁਲੀਸ ਸੂਚਨਾ ਮਿਲਣ ’ਤੇ ਜਦੋਂ ਘਟਨਾ ਸਥਾਨ ’ਤੇ ਪਹੁੰਚੀ ਸੀ ਤਾਂ ਹਮਲਾ ਕਰਨ ਵਾਲੇ ਉਥੋਂ ਦੌੜ ਚੁੱਕੇ ਸਨ। ਜਿਸ ਮਗਰੋਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ ਅਤੇ ਬਾਅਦ ’ਚ ਉਨ੍ਹਾਂ ਦੇ ਬਿਆਨ ਕਲਮਬੱਧ ਕੀਤੇ ਗਏ ਸਨ।
ਉਨ੍ਹਾਂ ਦੱਸਿਆ ਕਿ ਲੜਾਈ ’ਚ 7 ਜਣੇ ਜ਼ਖ਼ਮੀ ਹੋਏ ਸਨ ਅਤੇ ਉਨ੍ਹਾਂ ’ਚੋਂ ਡੀਐਮਸੀ ’ਚ ਦਾਖ਼ਲ ਹਰਵਿੰਦਰ ਸਿੰਘ ਦੀ ਬੀਤੇ ਦਿਨ ਮੌਤ ਹੋਣ ਮਗਰੋਂ ਕੇਸ ਵਿੱਚ ਧਾਰਾ 302 ਦਾ ਇਜ਼ਾਫ਼ਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਕੁੱਲ 7 ਵਿਅਕਤੀਆਂ ਨੂੰ ਨਾਜ਼ਮਦ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 5 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਗਿ੍ਰਫ਼ਤ ਤੋਂ ਬਾਹਰ ਰਹਿੰਦੇ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਪੰਜ ਪੁਲੀਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਉਹ ਵੀ ਪੁਲੀਸ ਹਿਰਾਸਤ ’ਚ ਹੋਣਗੇ।
ਉਨ੍ਹਾਂ ਦੱਸਿਆ ਕਿ ਵਿਖਾਵਾਕਾਰੀਆਂ ਦੇ ਵਫ਼ਦ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਹਰ ਤਰ੍ਹਾਂ ਦੇ ਦੋਸ਼ਾਂ ਦੀ ਨਿਰਪੱਖ ਪੜਤਾਲ ਕਰਵਾਈ ਜਾਵੇਗੀ।
ਚਿੱਟਾ ਵਿਕਣ ਦੇ ਦੋਸ਼ਾਂ ਬਾਰੇ ਸ੍ਰੀ ਵਿਰਕ ਨੇ ਕਿਹਾ ਕਿ ਇਸ ਬਾਰੇ ਵੀ ਜਾਂਚ ਕਰਵਾਈ ਜਾਵੇਗੀ, ਜੋ ਵੀ ਤੱਥ ਸਾਹਮਣੇ ਆਏ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।