ਸ਼ਿਮਲਾ, 22 ਅਗਸਤ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਅੱਜ ਟਰੱਕ ਤੇ ਬੱਸ ਵਿਚਕਾਰ ਹੋਈ ਟੱਕਰ ਦੌਰਾਨ ਲਗਪਗ 35 ਜਣੇ ਜ਼ਖ਼ਮੀ ਹੋ ਗਏ। ਸੂਬੇ ਦੇ ਇੱਕ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਬਲੀ-ਧਰਮਪੁਰ ਨੇੜੇ ਸਵੇਰੇ ਕਰੀਬ 11:30 ਵਜੇ ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਟਰੱਕ ਨੇ ਸਵਾਰੀਆਂ ਨਾਲ ਭਰੀ ਬੱਸ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਬੱਸ ਵਿੱਚ ਉਦੋਂ 32 ਜਣੇ ਜਦਕਿ ਟਰੱਕ ਵਿੱਚ ਤਿੰਨ ਜਣੇ ਸਵਾਰ ਸਨ। ਯਾਤਰੀਆਂ ਨਾਲ ਭਰੀ ਬੱਸ ਚੰਡੀਗੜ੍ਹ ਵੱਲ ਜਾ ਰਹੀ ਸੀ ਜਦਕਿ ਟਰੱਕ ਕਾਲਕਾ ਵੱਲ ਜਾ ਰਿਹਾ ਸੀ। ਟੱਕਰ ਮਗਰੋਂ ਦੋਵੇਂ ਵਾਹਨ ਪਲਟ ਗਏ, ਜਿਸ ਕਾਰਨ ਦੋਵਾਂ ’ਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਧਰਮਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਜਣਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੋਲਨ ਦੇ ਇੱਕ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। -ਪੀਟੀਆਈ