ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਸਤੰਬਰ
ਮੁਲਾਜ਼ਮ ਮਸਲਿਆਂ ਦੇ ਹੱਲ ਲਈ ਅੱਜ ਇਥੇ ਟ੍ਰਾਂਸਕੋ ਦੀ ਮੈਨੇਜਮੈਂਟ ਅਤੇ ਪੀਐੱਸਈਬੀ ਐਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਦਰਮਿਆਨ ਹੋਈ ਮੀਟਿੰਗ ਬੇਸਿੱਟਾ ਰਹੀ। ਇਸੇ ਦੌਰਾਨ ਮੰਗਾਂ ਦੀ ਪੂਰਤੀ ਸਬੰਧੀ ਮੈਨੇਜਮੈਂਟ ਦਾ ਰਵੱਈਆ ਠੀਕ ਨਾ ਮੰਨਦਿਆਂ
ਜੁਆਇੰਟ ਫੋਰਮ ਦੇ ਆਗੂ ਮੀਟਿੰਗ ਵਿੱਚੋਂ ਵਾਕ-ਆਊਟ ਕਰ ਗਏ। ਇਸ ਮਗਰੋਂ ਉਨ੍ਹਾਂ ਨੇ ਅਦਾਰੇ ਦੇ ਮੁੱਖ ਦਫਤਰ ’ਤੇ ਰੋਸ ਪ੍ਰਦਰਸ਼ਨ ਵੀ ਕੀਤਾ। ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਫੀਲਡ ਦੇ ਦੌਰਿਆਂ ਸਮੇਂ ਚੇਅਰਮੈਨਾਂ ਅਤੇ ਡਾਇਰੈਕਟਰਾਂ ਵਿਰੱਧ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਵੀ ਕੀਤੇ ਜਾਣਗੇ ਜਦਕਿ ਵਰਕ-ਟੂ-ਰੂਲ ਅਨੁਸਾਰ ਕੰਮ ਕੀਤਾ ਜਾਵੇਗਾ।
ਮੀਟਿੰਗ ’ਚ ਟਰਾਂਸਕੋ ਅਧਿਕਾਰੀਆਂ ਅਤੇ ਡਾਇਰੈਕਟਰਾਂ ਤੋਂ ਇਲਾਵਾ ਜੁਆਇੰਟ ਫੋਰਮ ਵੱਲੋਂ ਕਰਮਚੰਦ ਭਾਰਦਵਾਜ, ਅਵਤਾਰ ਕੈਂਥ, ਕੁਲਦੀਪ ਖੰਨਾ, ਜਗਰੂਪ ਮਹਿਮਦਪੁਰ, ਬਲਵਿੰਦਰ ਸੰਧੂ, ਕੌਰ ਸਿੰਘ ਸੋਹੀ ਤੇ ਸੁਖਵਿੰਦਰ ਦੁੰਮਨਾ ਆਦਿ ਸ਼ਾਮਲ ਹੋਏ। ਉਨ੍ਹਾਂ ਨੇ ਮੁਲਾਜ਼ਮਾਂ ਦੇ ਵੱਖ ਵੱਖ ਮੁੱਦਿਆਂ ਨੂੰ ਹੱਲ ਕਰਨ ਦੀ ਮੰਗ ਰੱਖੀ।