ਰਚਨਾ ਦਾ ਸੁਨੇਹਾ
10 ਸਤੰਬਰ ਨੂੰ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦਾ ਮਿਡਲ ‘ਆਪਣਿਆਂ ਦੀ ਛਾਂ’ ਭਾਵਪੂਰਤ ਅਤੇ ਪ੍ਰੇਰਨਾ ਵਾਲੀ ਲਿਖਤ ਹੈ। ਇਸ ਦੀ ਬੋਲੀ, ਸ਼ੈਲੀ ਤੇ ਵਾਕ ਬਣਤਰ ਮਾਂ ਬੋਲੀ ਦੀਆਂ ਨਿਆਮਤਾਂ ਦਾ ਸੁਖ਼ਦ ਰੂਪ ਹੈ। ਅਹਿਸਾਸ ਜਗਾਉਂਦੀ ਇਹ ਰਚਨਾ ਪਾਠਕਾਂ ਲਈ ਸੁਘੜ ਸੰਦੇਸ਼ ਵੀ ਹੈ।
ਅਵਨੀਤ ਕੌਰ, ਚੰਡੀਗੜ੍ਹ
ਲੋਕ ਭਲਾਈ ਅਤੇ ਪ੍ਰਾਈਵੇਟ ਖੇਤਰ
7 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਸਸ ਛੀਨਾ ਦਾ ਲੇਖ ‘ਵਧਦਾ ਨਿੱਜੀਕਰਨ ਅਤੇ ਲੋਕ ਭਲਾਈ ਦੇ ਮਾਮਲੇ’ ਪੜ੍ਹਿਆ। ਜਨਤਕ ਖੇਤਰ ਕਿਉਂ ਫੇਲ੍ਹ ਹੋਇਆ, ਇਹ ਤੱਥ ਕਿਸੇ ਤੋਂ ਛੁਪਿਆ ਨਹੀਂ। ਸਰਕਾਰਾਂ ਵਿਚ ਬੌਣੇ ਸਿਆਸਤਦਾਨ, ਜਾਤ-ਪਾਤ, ਨਿੱਜੀ ਸਬੰਧ, ਸਾਡੀ ਸਮੂਹਿਕ ਨੈਤਿਕ ਗਿਰਾਵਟ ਆਦਿ ਮੁੱਖ ਕਾਰਨ ਹਨ। ਲੇਖਕ ਨੇ ਸਰਕਾਰ ਦਾ ਮੁੱਖ ਮਕਸਦ ਜਨਤਕ ਭਲਾਈ ਦੱਸਿਆ ਹੈ ਪਰ ਹੁਣ ਤਾਂ ਅੰਨ੍ਹੇ ਵੀ ਦੇਖ ਰਹੇ ਹਨ ਕਿ ਇਸ ਮਕਸਦ ਦੀ ਧੁਰੀ ਨਿੱਜੀ ਹਿੱਤ ਹੋ ਗਿਆ ਹੈ। ਲੋਕ ਭਲਾਈ ਸਰਕਾਰ ਹੀ ਕਰ ਸਕਦੀ ਹੈ, ਪ੍ਰਾਈਵੇਟ ਖੇਤਰ ਤਾਂ ਅਜਿਹਾ ਦਾਅਵਾ ਵੀ ਨਹੀਂ ਕਰਦਾ।
ਜਗਰੂਪ ਸਿੰਘ, ਲੁਧਿਆਣਾ
ਸੁੱਚੀ ਸੋਚ
7 ਸਤੰਬਰ ਨੂੰ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਰੱਬ ਦਾ ਬੰਦਾ’ ਸਿੱਖਿਆਦਾਇਕ ਹੈ। ਡਾ. ਮਸੀਹ ਸਚਮੁੱਚ ਲੋਕਾਂ ਦੇ ਮਸੀਹਾ ਹਨ ਜਿਨ੍ਹਾਂ ਨੇ ਆਪਣੀ ਸੱਚੀ ਸੁੱਚੀ ਸੋਚ ਰਾਹੀਂ ਨਾ ਸਿਰਫ਼ ਤਿੰਨ ਮਰੀਜ਼ਾਂ ਦੀ ਜਾਨ ਬਚਾਈ ਸਗੋਂ ਉਨ੍ਹਾਂ ਦੇ ਪਰਿਵਾਰਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ। ਉਨ੍ਹਾਂ ਨੂੰ ਨਿਰਸਵਾਰਥ ਸੇਵਾ ਦੀ ਅਜਿਹੀ ਗੁੜ੍ਹਤੀ ਦਿੱਤੀ ਕਿ ਉਨ੍ਹਾਂ ਸਮਾਜ ਸੇਵੀ ਸੰਸਥਾ ਬਣਾ ਕੇ ਸਮਾਜ ਸੇਵਾ ਕਰਨ ਦਾ ਪ੍ਰਣ ਲੈ ਲਿਆ। ਅੱਜ ਸਾਡੇ ਸਮਾਜ ਨੂੰ ਅਜਿਹੀ ਸੋਚ ਵਾਲੇ ਲੋਕਾਂ ਦੀ ਬਹੁਤ ਜਿ਼ਆਦਾ ਜ਼ਰੂਰਤ ਹੈ।
ਡਾ. ਤਰਲੋਚਨ ਕੌਰ, ਪਟਿਆਲਾ
(2)
ਕਮਲਜੀਤ ਸਿੰਘ ਬਨਵੈਤ ਦਾ ਲੇਖ ‘ਰੱਬ ਦਾ ਬੰਦਾ’ ਭਾਸ਼ਾ ਸ਼ੈਲੀ ਪੱਖੋਂ ਸਲਾਹੁਣਯੋਗ ਹੈ, ਵਿਸ਼ਾ ਵਸਤੂ ਨਿਰਾਸ਼ੇ ਮਨਾਂ ਨੂੰ ਆਸ ਵੱਲ ਲੈ ਕੇ ਜਾਣ ਵਾਲਾ ਹੈ। ਜ਼ਿਆਦਾਤਰ ਵੱਡੇ ਹਸਪਤਾਲ ਸੇਵਾ ਦੀ ਜਗ੍ਹਾ ਲੁੱਟ ਦਾ ਕੇਂਦਰ ਬਣੇ ਹੋਏ ਹਨ ਪਰ ਡਾਕਟਰ ਮਸੀਹ ਬਾਰੇ ਪੜ੍ਹ ਕੇ ਮਨ ਖੁਸ਼ ਹੋ ਗਿਆ। ਅਜਿਹੇ ਲੋਕ ਦੂਜਿਆਂ ਲਈ ਪ੍ਰੇਰਨਾ ਬਣਦੇ ਹਨ।
ਮਨਦੀਪ ਕੌਰ, ਲੁਧਿਆਣਾ
ਲੋਕਤੰਤਰ ਦੀ ਸਫ਼ਲਤਾ
5 ਸਤੰਬਰ ਨੂੰ ਸਫ਼ਾ ਨੰਬਰ 2 ’ਤੇ ਖ਼ਬਰ ਪੜ੍ਹੀ ‘ਕੂੜਾ ਚੁੱਕਦੇ ਬੱਚਿਆਂ ਨੂੰ ਕਿਤਾਬਾਂ ਦੇ ਲੜ ਲਾ ਰਿਹੈ ਲੁਧਿਆਣਾ ਦਾ ਵਕੀਲ’। ਹਰੀ ਓਮ ਜਿੰਦਲ 18 ਸਾਲ ਤੋਂ ਝੁੱਗੀਆਂ ਵਾਲੇ ਬੱਚਿਆਂ ਨੂੰ ਤਾਲੀਮ ਦੇ ਰਹੇ ਹਨ। ਇਹ ਬੜਾ ਵੱਡਾ ਉਪਕਾਰ ਹੈ। ਇਸ ਤਰ੍ਹਾਂ ਦੇ ਉਪਰਾਲੇ ਵੱਡੀ ਪੱਧਰ ’ਤੇ ਹੋਣੇ ਚਾਹੀਦੇ ਹਨ ਤਾਂ ਹੀ ਸਾਡਾ ਲੋਕਤੰਤਰ ਸਫ਼ਲ ਹੋ ਸਕਦਾ ਹੈ।
ਦਵਿੰਦਰ ਕੌਰ, ਜਲੰਧਰ
ਕਸ਼ਮੀਰ ਤੇ ਪੰਜਾਬ ਦੀ ਗਲਵੱਕੜੀ
ਕੁਝ ਦਿਨ ਪਹਿਲਾਂ ਅਸੀਂ ਮਾਂ ਧੀ ਨੇ ਗ੍ਰੇਟ ਕਸ਼ਮੀਰ ਲੇਕ ਟ੍ਰੈਕ ਕੀਤਾ ਜਿਸ ਵਿਚ ਅਸੀਂ 6 ਦਿਨ ਕਸ਼ਮੀਰ ਦੇ ਅੰਦਰੂਨੀ ਪਹਾੜ ਗਾਹੇ। ਮੇਰੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ ਜਦੋਂ ਤਕਰੀਬਨ 14 ਹਜ਼ਾਰ ਫੁੱਟ (ਵਿਸ਼ਨੂੰਸਰ) ਉੱਚੇ ਪਹਾੜਾਂ ਦੀਆਂ ਖੁੰਦਰਾਂ ਵਿਚ ਬੈਠੀ ਇਕ ਗੁੱਜਰ ਬਜ਼ੁਰਗ ਮਾਤਾ ਨੇ ਪੁੱਛਿਆ ਕਿ ਪੰਜਾਬ ਦੇ ਕਿਸਾਨ ਹੁਣ ਵੀ ਦਿੱਲੀ ਹੀ ਬੈਠੇ ਹਨ ਕਿ ਘਰਾਂ ਨੂੰ ਵਾਪਸ ਆ ਗਏ? ਮੈਂ ਕਿਹਾ ਕਿ ਜਦੋਂ ਤਕ ਜਿੱਤਦੇ ਨਹੀਂ, ਵਾਪਸ ਨਹੀਂ ਆਉਂਦੇ, ਤਾਂ ਉਹਨੇ ਪੰਜਾਬੀਆਂ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਉਸ ਬਜ਼ੁਰਗ ਦੀ ਸੁਚੇਤਨਾ ’ਤੇ ਬੜਾ ਮਾਣ ਮਹਿਸੂਸ ਹੋਇਆ। ਸਾਨੂੰ ਉਹਨੇ ਚਿੱਟੀ ਮੱਕੀ ਦੀ ਰੋਟੀ ਖੁਆਈ ਅਤੇ ਲੱਸੀ ਪਿਆਈ। ਬੇਬੇ ਦੇ ਘਰ ਤੋਂ 3 ਕਿਲੋਮੀਟਰ ਦੂਰ ਉੱਥੇ ਰਾਜੌਰੀ ਤੋਂ ਆਏ ਕੁਝ ਗੁੱਜਰ ਭੇਡਾਂ ਤੋਂ ਉੱਨ ਲਾਹ ਰਹੇ ਸਨ, ਜਦੋਂ ਉਨ੍ਹਾਂ ਨਾਲ ਕਿਸਾਨਾਂ ਦੇ ਅੰਦੋਲਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚਲੀ ਚਮਕ ਅਤੇ ਅੰਦਰੋ-ਅੰਦਰ ਹਮਾਇਤ ਸਾਫ਼ ਝਲਕ ਰਹੀ ਸੀ ਜੋ ਉਨ੍ਹਾਂ ਸਿਰ ਹਿਲਾ ਕੇ ਪੱਕੀ ਕੀਤੀ।
ਰਿਪਨਜੋਤ ਕੌਰ ਸੋਨੀ ਬੱਗਾ, ਈਮੇਲ
ਇਨ੍ਹਾਂ ਖਿਡਾਰੀਆਂ ਦੀ ਸਾਰ ਕੌਣ ਲਵੇਗਾ?
2020 ਦਾ ਓਲੰਪਿਕ ਭਾਰਤ, ਖ਼ਾਸਕਰ ਪੰਜਾਬ ਵਾਸਤੇ ਖ਼ੁਸ਼ੀਆਂ ਭਰਿਆ ਰਿਹਾ ਹੈ। ਟੋਕੀਓ ਤੋਂ ਮੁੜਨ ਵਾਲੇ ਖਿਡਾਰੀਆਂ ਦਾ ਪੁਰਜ਼ੋਰ ਸਵਾਗਤ ਹੋਣਾ ਸੁਭਾਵਿਕ ਹੀ ਸੀ। ਉਨ੍ਹਾਂ ਨੂੰ ਕਰੋੜਾਂ ਵਿਚ ਇਨਾਮ ਮਿਲ ਰਹੇ ਹਨ। ਰਾਜ ਸਰਕਾਰਾਂ, ਕੇਂਦਰ ਅਤੇ ਹੋਰ ਸੰਸਥਾਵਾਂ ਇਕ ਦੂਸਰੇ ਤੋਂ ਵਧ ਚੜ੍ਹ ਕੇ ਇਨਾਮ ਦੇਣ ਦੇ ਯਤਨ ਕਰ ਰਹੀਆਂ ਹਨ। ਜਿੱਤਿਆਂ ਨੂੰ ਤਾਂ ਇਨਾਮ ਮਿਲਣੇ ਹੀ ਸੀ, ਹਾਰਿਆਂ ਨੂੰ ਵੀ ਮਿਲ ਰਹੇ ਹਨ, ਰਾਜਨੀਤੀ ਵੀ ਆਪਣਾ ਹਿੱਸਾ ਪਾ ਰਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਹੀ ਸਾਲਾਂ ਦੇ ਪੰਜਾਬ ਦੇ ਉਹ ਖਿਡਾਰੀ ਜੋ ਅੰਤਰ-ਰਾਜੀ, ਅੰਤਰ-ਦੇਸੀ, ਏਸ਼ਿਆਈ ਅਤੇ ਕਾਮਨਵੈਲਥ ਖੇਡਾਂ ਵਿਚ ਮੈਡਲ ਜਿੱਤ ਚੁੱਕੇ ਹਨ, ਬਾਰੇ ਛਪੀਆਂ ਖ਼ਬਰਾਂ ਅਨੁਸਾਰ, ਬਹੁਤਿਆਂ ਦੀ ਹਾਲਤ ਤਰਸਯੋਗ ਹੈ। ਛੋਟੀਆਂ ਛੋਟੀਆਂ ਨੌਕਰੀਆਂ ਵਾਸਤੇ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ, ਰੇਹੜੀਆਂ ਲਾ ਰਹੇ ਹਨ ਅਤੇ ਆਪਣੇ ਮੈਡਲ ਦਿਖਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ। ਕੀ ਟੋਕੀਓ ਵਾਲੇ ਕਰੋੜਾਂ ਵਿਚੋਂ ਉਨ੍ਹਾਂ ਨੂੰ ਲੱਖ ਦੋ ਲੱਖ ਵੀ ਨਹੀਂ ਮਿਲ ਸਕਦਾ? ਕੀ ਓਲੰਪਿਕ ਵਿਚੋਂ ਮੁੜੇ ਖਿਡਾਰੀ ਆਪਣੇ ਇਨ੍ਹਾਂ ਭੈਣਾਂ ਭਰਾਵਾਂ ਵਾਸਤੇ ਕੁਝ ਦਸਵੰਧ ਵੀ ਨਹੀਂ ਕੱਢ ਸਕਦੇ? ਉਨ੍ਹਾਂ ਦੀ ਸਹਾਇਤਾ ਦਾ ਸਮਾਂ ਹੈ।
ਜੋਧ ਸਿੰਘ, ਮੋਗਾ