ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 16 ਜੁਲਾਈ
ਨਗਰ ਕੌਂਸਲ ਰਾਜਪੁਰਾ ਦੇ ਮੀਤ ਪ੍ਰਧਾਨ ਦੇ ਅਹੁਦੇ ਦੀ ਚੋਣ ਹੋਣ ਤੋਂ ਪਹਿਲਾਂ ਹੀ ਇਥੋਂ ਦੇ ਵਾਰਡ ਨੰ. 18 ਤੋਂ ਕੌਂਸਲਰ ਰਾਜੇਸ਼ ਕੁਮਾਰ ਨੇ ਮੀਤ ਪ੍ਰਧਾਨ ਦੀ ਕੁਰਸੀ ਸਾਂਭ ਲਈ ਹੈ। ਦੱਸਣਯੋਗ ਹੈ ਕਿ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ ਦੀ ਮਿਆਦ ਕਰੀਬ ਦੋ ਮਹੀਨੇ ਪਹਿਲਾਂ ਸਮਾਪਤ ਹੋ ਗਈ ਸੀ। ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੌਂਸਲਰ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਦਫਤਰ ਵਿੱਚ ਬੈਠਣ ਦੀ ਡਿਊਟੀ ਵਿਧਾਇਕ ਨੀਨਾ ਮਿੱਤਲ ਨੇ ਲਗਾਈ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦਾ ਕਹਿਣਾ ਹੈ ਕਿ ਮੀਤ ਪ੍ਰਧਾਨ ਦਾ ਅਹੁਦਾ ਸੰਵਿਧਾਨਕ ਹੈ, ਜਦੋਂ ਤੱਕ ਚੋਣ ਨਹੀਂ ਹੁੰਦੀ ਕੁਰਸੀ ’ਤੇ ਕਿਸੇ ਨੂੰ ਵੀ ਨਹੀਂ ਬੈਠਣਾ ਚਾਹੀਦਾ। ਦੂਜੇ ਪਾਸੇ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਸੰਗੀਤ ਕੁਮਾਰ ਆਹਲੂਵਾਲੀਆ ਨੇ ਕਿਹਾ ਕਿ ਕੌਂਸਲ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਵਿਧਾਨਕ ਨਹੀਂ।