ਮੁੰਬਈ/ਨਵੀਂ ਦਿੱਲੀ, 17 ਮਈ
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਚੱਕਰਵਾਤੀ ਤੂਫ਼ਾਨ ‘ਤੌਕਤੇ’ ਨੇ ਅੱਜ ਅਰਬ ਸਾਗਰ ਵਿੱਚ ਖਤਰਨਾਕ ਰੂਪ ਧਾਰਨ ਕਰ ਲਿਆ ਹੈ ਤੇ ਇਹ ਤੂਫਾਨ ਤਬਾਹੀ ਮਚਾਉਂਦਾ ਹੋਇਆ ਅੱਜ ਸ਼ਾਮ ਗੁਜਰਾਤ ਤੇ ਤੱਟੀ ਖੇਤਰਾਂ ਵਿਚ ਪੁੱਜ ਜਾਵੇਗਾ। ਐਨਡੀਆਰਐਫ ਤੇ ਐਸਡੀਆਰਐਫ ਦੀਆਂ 54 ਟੀਮਾਂ ਨੇ ਗੁਜਰਾਤ ਦੇ ਹੇਠਲੇ ਤੱਟੀ ਖੇਤਰਾਂ ਵਿਚੋਂ ਡੇਢ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਹੈ।
ਮੌਸਮ ਵਿਭਾਗ ਦੇ ਅਧਿਕਾਰੀ ਅਨੁਸਾਰ ਇਹ ਤੂਫਾਨ ਗੁਜਰਾਤ ਵਿਚ ਅੱਜ ਸ਼ਾਮ ਪੁੱਜੇਗਾ ਤੇ ਭਲਕੇ ਸਵੇਰ ਤਕ ਇਥੋਂ ਚਲਾ ਜਾਵੇਗਾ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਖੇਤਰਾਂ ਵਿਚ ਕਾਫ਼ੀ ਜ਼ਿਆਦਾ ਮੀਂਹ ਪੈ ਸਕਦਾ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ, ਗੁਜਰਾਤ ਤੇ ਗੋਆ ਦੇ ਮੁੱਖ ਮੰਤਰੀਆਂ ਅਤੇ ਦਮਨ ਤੇ ਦੀਊ ਦੇ ਉੱਪ ਰਾਜਪਾਲ ਨਾਲ ਗੱਲਬਾਤ ਚੱਕਰਵਾਤੀ ਤੂਫ਼ਾਨ ‘ਤੌਕਤੇ’ ਨਾਲ ਨਜਿੱਠਣ ਸਬੰਧੀ ਕਦਮਾਂ ਅਤੇ ਹਾਲਾਤ ਦਾ ਜਾਇਜ਼ਾ ਲਿਆ ਹੈ। ਤੂਫਾਨ ਕਾਰਨ ਮੁੰਬਈ ’ਚ 114 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਬਹੁਤ ਤੇਜ਼ ਹਵਾਵਾਂ ਵਗ ਰਹੀਆਂ ਹਨ, ਜਿਸ ਨਾਲ ਉਥੇ ਕਾਫੀ ਨੁਕਸਾਨ ਹੋ ਚੁੱਕਾ ਹੈ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਹੋਰ ਖ਼ਤਰਨਾਕ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਸ਼ਨਿਚਰਵਾਰ ਨੂੰ ਵੀ ਕਈ ਮੰਤਰੀਆਂ ਤੇ ਸਬੰਧਤ ਏਜੰਸੀਆਂ ਦੇ ਅਧਿਕਾਰੀਆਂ ਤੋਂ ਤੂਫ਼ਾਨ ਦੇ ਟਾਕਰੇ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਸੀ। -ਏਜੰਸੀ