ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 7 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵੱਲੋਂ 31 ਜੱਥੇਬੰਦੀਆਂ ਦੇ ਸੱਦੇ ’ਤੇ ਰਿਲਾਇੰਸ ਪੈਟਰੋਲ ਪੰਪ ਬੇਨੜਾ ’ਤੇ ਚੱਲ ਰਹੇ ਸੰਘਰਸ਼ ਦੇ ਸੱਤਵੇਂ ਦਿਨ ਅੱਜ ਮੌਜੂਦਾ ਘੋਲ ਦੇ ਦੋ ਹੋਰ ਸ਼ਹੀਦ ਭਾਕਿਯੂ ਉਗਰਾਹਾਂ ਦੇ ਵਜੀਰ ਸਿੰਘ ਕ੍ਰਿਸ਼ਨਗੜ੍ਹ (ਮਾਨਸਾ) ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਯਸ਼ਪਾਲ ਸਿੰਘ (ਮਹਿਲ ਕਲਾਂ) ਨੂੰ ਧਰਨਿਆਂ ਦੌਰਾਨ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ, ਜੋ ਦੋ ਦਿਨ ਪਹਿਲਾ ਦਮ ਤੋੜ ਗਏ ਸਨ।
ਧਰਨੇ ਦੌਰਾਨ ਆਗੂਆਂ ਨੇ ਹਾਥਰਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਯੋਗੀ ਹਕੂਮਤ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਆਗੂਆਂ ਨੇ ਹਰਿਆਣੇ ਦੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਸਿਰਸਾ ’ਚ ਲਾਠੀਚਾਰਜ ਕਰਨ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਅਤੇ ਸਿਆਸੀ ਜਬਰ ਦੇ ਬਾਵਜੂਦ ਵੀ ਕਿਸਾਨਾਂ ਨੇ ਆਪਣੇ ਬੁਲੰਦ ਹੌਸਲੇ ਨਾਲ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵਿਰੁੱਧ ਲਾਏ ਗਏ ਪੱਕੇ ਮੋਰਚੇ ਦੀ ਹਮਾਇਤ ਕੀਤੀ ਅਤੇ ਇਸ ਚੱਲ ਰਹੇ ਸੰਘਰਸ਼ ਨੂੰ ਅੰਤਿਮ ਛੋਹਾਂ ਤੱਕ ਲਿਜਾਣ ਲਈ ਨੌਜਵਾਨ ਅਤੇ ਔਰਤਾਂ ਅਤੇ ਬੱਚੇ ਕਿਸਾਨੀ ਸੰਘਰਸ਼ ਵਿੱਚ ਰੋਜ਼ਾਨਾ ਹਿੱਸਾ ਲੈ ਰਹੇ ਹਨ।
ਇਸ ਮੌਕੇ ਹਰਪਾਲ ਸਿੰਘ ਪੇਧਨੀ ਕਲਾਂ, ਬਲਵਿੰਦਰ ਸਿੰਘ ਪੇਧਨੀ ਕਲਾਂ, ਰਮਨ ਸਿੰਘ ਕਾਲਾਝਾੜ, ਜਸਵੀਰ ਸਿੰਘ ਗਾਜੇਵਾਸ, ਜਰਨੈਲ ਸਿੰਘ ਸੁਲਤਾਨਪੁਰ, ਸੁਖਦੇਵ ਸਿੰਘ ਲੱਡਾ ਹਾਜ਼ਰ ਸਨ।