ਹੁਆਲੀਨ, 17 ਅਗਸਤ
ਚੀਨ ਤੇ ਤਾਇਵਾਨ ਵੱਲੋਂ ਹੁਣ ਨਵੇਂ ਸਿਰਿਓਂ ਫ਼ੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਚੀਨ ਇਸ ਤੋਂ ਪਹਿਲਾਂ ਵੱਡੇ ਪੱਧਰ ਉਤੇ ਜੰਗੀ ਅਭਿਆਸ ਕਰ ਕੇ ਤਾਇਵਾਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਤਾਇਵਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਸੁਨ ਲੀ-ਫੈਂਗ ਨੇ ਮੀਡੀਆ ਨੂੰ ਦੱਸਿਆ ਕਿ ਉਹ ਕਮਿਊਨਿਸਟ ਚੀਨ ਦੀ ਭੜਕਾਊ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਤਾਇਵਾਨ ਦੇ ਸਮੁੰਦਰੀ ਤੇ ਹਵਾਈ ਖੇਤਰ ਵਿਚ ਗਤੀਵਿਧੀਆਂ ਕਰ ਕੇ ਖੇਤਰੀ ਸ਼ਾਂਤੀ ਲਈ ਖ਼ਤਰਾ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੀਨ ਦੀਆਂ ਕਾਰਵਾਈਆਂ ਨੇ ਤਾਇਵਾਨ ਨੂੰ ਵੀ ਆਪਣੀ ਜੰਗੀ ਤਿਆਰੀ ਪਰਖ਼ਣ ਦਾ ਮੌਕਾ ਦਿੱਤਾ ਹੈ। ਤਾਇਵਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ, ਅਮਰੀਕੀ ਆਗੂਆਂ ਵੱਲੋਂ ਉਨ੍ਹਾਂ ਦੇ ਮੁਲਕ ਦੇ ਕੀਤੇ ਦੌਰਿਆਂ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਜਿਹੜੇ ਕਦਮ ਚੁੱਕੇ ਹਨ, ਉਹ ਹਿੰਦ-ਪ੍ਰਸ਼ਾਂਤ ਖੇਤਰ ਵਿਚ ਵਪਾਰਕ ਤੇ ਹੋਰ ਗਤੀਵਿਧੀਆਂ ’ਚ ਦਖ਼ਲ ਦੇ ਬਰਾਬਰ ਹਨ। ਜ਼ਿਕਰਯੋਗ ਹੈ ਕਿ ਚੀਨ ਟਾਪੂ ਮੁਲਕ ਤਾਇਵਾਨ ’ਤੇ ਆਪਣਾ ਦਾਅਵਾ ਜਤਾਉਂਦਾ ਹੈ। ਚੀਨ ਦਾ ਕਹਿਣਾ ਹੈ ਕਿ ਜੇ ਲੋੜ ਪਈ ਤਾਂ ਉਹ ਤਾਕਤ ਵਰਤ ਕੇ ਤਾਇਵਾਨ ਦਾ ਮੁਲਕ ਵਿਚ ਰਲੇਵਾਂ ਕਰ ਦੇਵੇਗਾ। ਅਮਰੀਕੀ ਆਗੂਆਂ ਦੇ ਦੌਰੇ ਤੋਂ ਬਾਅਦ ਚੀਨ ਨੇ ਤਾਇਵਾਨ ਦੇ ਕਈ ਆਗੂਆਂ ਤੇ ਅਧਿਕਾਰੀਆਂ ਉਤੇ ਪਾਬੰਦੀਆਂ ਵੀ ਲਾ ਦਿੱਤੀਆਂ ਸਨ। -ਏਪੀ