ਇੰਦੌਰ, 28 ਫਰਵਰੀ
ਜੰਗ ਦਾ ਸ਼ਿਕਾਰ ਯੂਕਰੇਨ ਤੋਂ ਭਾਰਤ ਪਰਤਣ ਦੇ ਚਾਹਵਾਨ ਕਈ ਵਿਦਿਆਰਥੀਆਂ ਨੂੰ ਰੋਮਾਨੀਆ ਦੀ ਹੱਦ ’ਤੇ ਹੱਡ ਚੀਰਵੀਂ ਠੰਢ ਵਿਚ ਖੁੱਲ੍ਹੇ ਆਸਮਾਨ ਹੇਠਾਂ ਦੋ ਦਿਨ ਬਿਤਾਉਣੇ ਪਏ ਹਨ। ਇੰਦੌਰ ਸ਼ਹਿਰ ਨਾਲ ਸਬੰਧਤ ਇਕ ਵਿਦਿਆਰਥੀ ਦੀ ਮਾਂ ਨੇ ਦੱਸਿਆ ਕਿ ਉਹ ਬੱਸ ਰਾਹੀਂ ਸਫ਼ਰ ਕਰ ਕੇ ਤੇ 25 ਕਿਲੋਮੀਟਰ ਪੈਦਲ ਚੱਲ ਕੇ ਸਰਹੱਦ ’ਤੇ ਪੁੱਜੇ ਹਨ। ਇੰਦੌਰ ਦੇ ਰਹਿਣ ਵਾਲੇ 22 ਸਾਲਾ ਵਿਭੋਰ ਸ਼ਰਮਾ ਦੀ ਮਾਂ ਕਾਮਿਨੀ ਸ਼ਰਮਾ ਹੁਣ ਆਪਣੇ ਪੁੱਤਰ ਦੀ ਸੁਰੱਖਿਅਤ ਵਾਪਸੀ ਲਈ ਪ੍ਰਾਰਥਨਾ ਕਰ ਰਹੀ ਹੈ। ਉਹ ਯੂਕਰੇਨ ਦੀ ਟਰਨੋਪਿਲ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਮੈਡੀਕਲ ਕੋਰਸ ਕਰ ਰਿਹਾ ਹੈ। ਕਾਮਿਨੀ ਨੇ ਦੱਸਿਆ, ‘ਮੇਰਾ ਪੁੱਤਰ ਕਿਸੇ ਤਰ੍ਹਾਂ ਟਰਨੋਪਿਲ ਤੋਂ ਬੱਸ ਵਿਚ ਬੈਠ ਰੋਮਾਨੀਆ ਜਾ ਰਿਹਾ ਸੀ ਪਰ ਰਾਹ ਵਿਚ ਉਨ੍ਹਾਂ ਨੂੰ ਬੱਸ ਤੋਂ ਉਤਰਨਾ ਪਿਆ ਤੇ ਸਰਹੱਦ ਦੂਰ ਸੀ।’ ਫਿਰ ਉਹ ਕਈ ਭਾਰਤੀ ਵਿਦਿਆਰਥੀਆਂ ਨਾਲ ਪੈਦਲ ਚੱਲ ਕੇ ਰੋਮਾਨੀਆ ਦੇ ਬਾਰਡਰ ਉਤੇ ਪੁੱਜਿਆ। ਹਾਲਾਂਕਿ ਇਨ੍ਹਾਂ ਨੂੰ ਤੁਰੰਤ ਰੋਮਾਨੀਆ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਦੋ ਦਿਨ ਠੰਢ ਵਿਚ ਗੁਜ਼ਾਰਨੇ ਪਏ ਹਨ। ਕਾਮਿਨੀ ਦੀ ਆਪਣੇ ਪੁੱਤਰ ਨਾਲ ਫੋਨ ਉਤੇ ਗੱਲਬਾਤ ਹੋਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਸੋਮਵਾਰ ਸਵੇਰੇ ਰੋਮਾਨੀਆ ਵਿਚ ਦਾਖਲ ਹੋਣ ਦੀ ਪ੍ਰਵਾਨਗੀ ਮਿਲ ਗਈ ਹੈ ਤੇ ਉਹ ਆਪਣੇ ਪੁੱਤਰ ਨੂੰ ਛੇਤੀ ਤੋਂ ਛੇਤੀ ਅੱਖਾਂ ਸਾਹਮਣੇ ਦੇਖਣਾ ਚਾਹੁੰਦੀ ਹੈ। -ਪੀਟੀਆਈ
ਯੂਕਰੇਨ ’ਚੋਂ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਹਿਜਰਤ
ਜਨੇਵਾ, 28 ਫਰਵਰੀ
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਏਜੰਸੀ ਨੇ ਕਿਹਾ ਹੈ ਕਿ ਰੂਸ ਵੱਲੋਂ ਪਿਛਲੇ ਹਫ਼ਤੇ ਹਮਲਾ ਕੀਤੇ ਜਾਣ ਮਗਰੋਂ ਯੂਕਰੇਨ ’ਚੋਂ ਪੰਜ ਲੱਖ ਤੋਂ ਜ਼ਿਆਦਾ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਫਿਲਿਪੋ ਗ੍ਰੈਂਡੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਸ਼ਰਨਾਰਥੀ ਏਜੰਸੀ ਦੀ ਤਰਜਮਾਨ ਸ਼ਾਬੀਆ ਮੰਟੂ ਨੇ ਕਿਹਾ ਕਿ 2,81,000 ਲੋਕਾਂ ਨੇ ਪੋਲੈਂਡ, 84,500 ਨੇ ਹੰਗਰੀ, 36,400 ਨੇ ਮੋਲਡੋਵਾ, 32,500 ਨੇ ਰੋਮਾਨੀਆ ਅਤੇ 30 ਹਜ਼ਾਰ ਨੇ ਸਲੋਵਾਕੀਆ ’ਚ ਪਨਾਹ ਲਈ ਹੈ। ਉਨ੍ਹਾਂ ਕਿਹਾ ਕਿ ਬਾਕੀ ਦੇ ਲੋਕ ਹੋਰ ਮੁਲਕਾਂ ’ਚ ਚਲੇ ਗਏ ਹਨ। ਯੂਕਰੇਨ ’ਚੋਂ ਸ਼ਰਨਾਰਥੀਆਂ ਨੂੰ ਲੈ ਕੇ ਚੱਲੀ ਇਕ ਹੋਰ ਰੇਲਗੱਡੀ ਅੱਜ ਤੜਕੇ ਪੋਲੈਂਡ ਦੇ ਪ੍ਰਜ਼ੇਮਿਸਲ ’ਚ ਪਹੁੰਚੀ। ਕਹਿਰਾਂ ਦੀ ਠੰਢ ’ਚ ਲੋਕ ਆਪਣੇ ਸਾਮਾਨ ਨਾਲ ਪਲੈਟਫਾਰਮ ’ਤੇ ਖੜ੍ਹੇ ਹਨ ਤਾਂ ਜੋ ਕਿਸੇ ਸੁਰੱਖਿਅਤ ਥਾਂ ’ਤੇ ਪਹੁੰਚਿਆ ਜਾ ਸਕੇ। ਕੁਝ ਲੋਕਾਂ ਨੇ ਕੈਮਰਿਆਂ ਵੱਲ ਹੱਥ ਹਿਲਾ ਕੇ ਰਾਹਤ ਦਾ ਪ੍ਰਗਟਾਵਾ ਕੀਤਾ ਅਤੇ ਕਈ ਫੋਨ ਕਰਨ ’ਚ ਰੁੱਝੇ ਰਹੇ। -ਏਪੀ