ਨਿਊਯਾਰਕ, 28 ਫਰਵਰੀ
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਰੂਸ ਵਿਚ ਨਿਵੇਸ਼ ਸਣੇ ਉਸ ਦੇ ਨਾਲ ਕਾਰੋਬਾਰ ਕਰਨ ’ਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਹੁਕਮ ’ਤੇ ਹਸਤਾਖਰ ਕੀਤੇ ਹਨ।
ਹੋਚੁਲ ਨੇ ਐਤਵਾਰ ਨੂੰ ਅਲਬਾਨੀ ਵਿਚ ਇਕ ਪੱਤਰਕਾਰ ਸੰਮੇਲਨ ਦੌਰਨ ਇਹ ਵੀ ਕਿਹਾ ਕਿ ਰੂਸੀ ਹਮਲੇ ਕਰ ਕੇ ਯੂਕਰੇਨ ਤੋਂ ਭੱਜ ਕੇ ਇੱਥੇ ਆਉਣ ਵਾਲੇ ਸ਼ਰਨਾਰਥੀਆਂ ਦਾ ਨਿਊਯਾਰਕ ਸਵਾਗਤ ਕਰੇਗਾ ਕਿਉਂਕਿ ਅਮਰੀਕਾ ਵਿਚ ਰਹਿਣ ਵਾਲੇ ਯੂਕਰੇਨ ਵਾਸੀਆਂ ਵਿੱਚੋਂ ਸਭ ਤੋਂ ਵੱਧ ਉਨ੍ਹਾਂ ਦੇ ਸੂਬੇ ਵਿਚ ਰਹਿੰਦੇ ਹਨ। ਨਿਊਯਾਰਕ ਦੀ ਪਹਿਲੀ ਮਹਿਲਾ ਗਵਰਨਰ ਨੇ ਕਿਹਾ, ‘‘ਅਸੀਂ ਯੂਕਰੇਨ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ।’’
ਇਕ ਅੰਦਾਜ਼ੇ ਮੁਤਾਬਕ ਅਮਰੀਕਾ ਵਿਚ ਰਹਿਣ ਵਾਲੇ 10 ਲੱਖ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਜੜ੍ਹਾਂ ਯੂਕਰੇਨ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚੋਂ ਇਕ ਲੱਖ 40 ਹਜ਼ਾਰ ਲੋਕ ਨਿਊਯਾਰਕ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ, ‘‘ਜੇਕਰ ਤੁਹਾਨੂੰ ਠਹਿਰਨ ਲਈ ਜਗ੍ਹਾ ਦੀ ਲੋੜ ਹੈ, ਤੁਸੀਂ ਇੱਥੇ ਆਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਸਾਡੇ ਸਮਾਜ ਵਿਚ ਸ਼ਾਮਲ ਹੋਣ ’ਚ ਮਦਦ ਕਰਨ ਨੂੰ ਤਿਆਰ ਹਾਂ। ਅਸੀਂ ਪਹਿਲਾਂ ਵੀ ਹੋਰ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਰਹੇ ਹਾਂ ਅਤੇ ਅਫ਼ਗਾਨਿਸਤਾਨ ਦੇ ਸ਼ਰਨਾਰਥੀ ਵੀ ਉਨ੍ਹਾਂ ’ਚ ਸ਼ਾਮਲ ਹਨ।’’ ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਕਿ ਨਿਊਯਾਰਕ ਰੂਸੀ ਕੰਪਨੀਆਂ ਵਿਚ ਕਿੰਨਾ ਨਿਵੇਸ਼ ਕਰ ਚੁੱਕਾ ਹੈ, ਪਰ ਇਸ ਗੱਲ ਦੇ ਸੰਕੇਤ ਜ਼ਰੂਰ ਦਿੱਤੇ ਗਏ ਹਨ ਕਿ ਨਿਊਯਾਰਕ ਦੀ ਅਰਥਵਿਵਸਥਾ ਰੂਸ ਦੇ ਅਰਥਚਾਰੇ ਨਾਲੋਂ ਵੱਡੀ ਹੈ।
ਗਵਰਨਰ ਵੱਲੋਂ ਜਾਰੀ ਹੁਕਮਾਂ ਦਾ ਮਤਲਬ ਹੈ ਕਿ ਪ੍ਰਾਂਤ ਦੀ ਸਰਕਾਰ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੂਸ ਨੂੰ ਮਦਦ ਕਰਨ ਲਈ ਆਪਣੀਆਂ ਨਿਵੇਸ਼ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦੇਵੇਗੀ, ਕਿਉਂਕਿ ਰੂਸ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। -ਏਪੀ
ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨਗੇ ਯੂਰੋਪ ਤੇ ਕੈਨੇਡਾ
ਬਰੱਸਲਜ਼: ਰੂਸ ਦੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਯੂਰੋਪ ਅਤੇ ਕੈਨੇਡਾ ਨੇ ਕਿਹਾ ਕਿ ਉਹ ਰੂਸੀ ਹਵਾਈ ਜਹਾਜ਼ ਕੰਪਨੀਆਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦੇਣਗੇ, ਜਿਸ ਨਾਲ ਅਮਰੀਕਾ ’ਤੇ ਵੀ ਅਜਿਹਾ ਕਰਨ ਦਾ ਦਬਾਅ ਵਧੇਗਾ। ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡਾਰ ਲੇਅਨ ਨੇ ਐਤਵਾਰ ਨੂੰ ਕਿਹਾ ਕਿ ਯੂਰੋਪੀ ਸੰਘ ਰੂਸੀ ਮਲਕੀਅਤ ਵਾਲੇ, ਰਜਿਸਟਰੇਸ਼ਨ ਵਾਲੇ ਜਾਂ ਰੂਸੀ ਕੰਪਨੀਆਂ ਜਾਂ ਵਿਅਕਤੀਆਂ ਦੇ ਕੰਟਰੋਲ ਵਾਲੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦੇਵੇਗਾ, ਜਿਸ ਵਿਚ ਕੁਲੀਨ ਵਰਗਾਂ ਦੇ ਨਿੱਜੀ ਜੈੱਟ ਵੀ ਸ਼ਾਮਲ ਹਨ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਆਪਣੇ ਗੁਆਂਢੀ ’ਤੇ ਬਿਨਾ ਕਾਰਨ ਹਮਲੇ ਲਈ ਰੂਸ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਾਰੇ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ। -ਏਪੀ
ਫਰਾਂਸ ਵੱਲੋਂ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਤੇ ਬੇਲਾਰੂਸ ਛੱਡਣ ਦੀ ਸਲਾਹ
ਪੈਰਿਸ: ਯੂਰੋਪੀਅਨ ਯੂਨੀਅਨ ਵੱਲੋਂ ਰੂਸ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਤੋਂ ਬਾਅਦ ਫਰਾਂਸ ਨੇ ਤੁਰੰਤ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਲਈ ਕਿਹਾ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਤੇ ਯੂਰੋਪ ਵਿਚਾਲੇ ਹਵਾਈ ਆਵਾਜਾਈ ਉਤੇ ਪਾਬੰਦੀਆਂ ਵਧਦੀਆਂ ਹੀ ਜਾ ਰਹੀਆਂ ਹਨ। ਇਸ ਲਈ ਰੂਸ ਵਿਚਲੇ ਗੈਰ-ਆਵਾਸੀ ਫਰਾਂਸੀਸੀ ਨਾਗਰਿਕਾਂ ਨੂੰ ਠੋਸ ਤੌਰ ’ਤੇ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੂਸ ਛੱਡਣ ਲਈ ਢੁੱਕਵੇਂ ਪ੍ਰਬੰਧ ਕਰ ਲੈਣ। ਇਸ ਵਿਚ ਦੇਰੀ ਨਾ ਕੀਤੀ ਜਾਵੇ ਤੇ ਮੌਜੂਦ ਏਅਰ ਲਿੰਕ ਇਸਤੇਮਾਲ ਕੀਤੇ ਜਾਣ। ਜ਼ਿਆਦਾਤਰ ਯੂਰੋਪੀਅਨ ਕੰਪਨੀਆਂ ਜਿਨ੍ਹਾਂ ਵਿਚ ਏਅਰ ਫਰਾਂਸ ਵੀ ਸ਼ਾਮਲ ਹੈ, ਨੇ ਐਤਵਾਰ ਸ਼ਾਮ ਤੋਂ ਰੂਸ ਆਉਣ-ਜਾਣ ਵਾਲੀਆਂ ਉਡਾਣਾਂ ਠੱਪ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਯੂਰੋਪੀਅਨ ਯੂਨੀਅਨ ਨੇ ਰੂਸ ਲਈ ਏਅਰਸਪੇਸ ਬੰਦ ਕਰ ਦਿੱਤੀ ਹੈ। ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਬੇਲਾਰੂਸ ਵਿਚੋਂ ਵੀ ਤੁਰੰਤ ਜ਼ਮੀਨੀ ਸਰਹੱਦਾਂ ਰਾਹੀਂ ਨਿਕਲਣ ਦੀ ਸਲਾਹ ਦਿੱਤੀ ਹੈ। ਫਰਾਂਸ ਨੇ ਕਿਹਾ ਕਿ ਬੇਲਾਰੂਸ ਵਿਚਲੇ ਦੇਸ਼ ਦੇ ਨਾਗਰਿਕ ਲਿਥੂਆਨੀਆ, ਪੋਲੈਂਡ ਜਾਂ ਲਾਤਵੀਆ ਦੇ ਬਾਰਡਰ ਪਾਰ ਕਰ ਸਕਦੇ ਹਨ। -ਆਈਏਐਨਐੱਸ