ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 16 ਮਈ
ਪਿੰਡ ਪਸਨਾਵਾਲ ਦੇ ਜੰਮਪਲ ਸਮਾਜ ਸੇਵੀ ਤੇ ਪਰਵਾਸੀ ਭਾਰਤੀ ਸਵਿੰਦਰ ਸਿੰਘ (64) ਦਾ ਅੱਜ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਸਵਿੰਦਰ ਸਿੰਘ ਦੇ ਦੇਹਾਂਤ ਤੋਂ ਇਕ ਦਿਨ ਪਹਿਲਾਂ ਉਸ ਦੇ ਪਿਤਾ ਅਨੂਪ ਸਿੰਘ (89) ਦੀ ਅਚਾਨਕ ਦਿਲ ਦਾ ਦੌਰਾ ਪੈਣ ਜਾਣ ਨਾਲ ਮੌਤ ਹੋ ਗਈ ਸੀ। ਦੋ ਦਿਨਾਂ ਵਿੱਚ ਇਕੋ ਘਰ ਵਿੱਚੋਂ ਕ੍ਰਮਵਾਰ ਦੋ ਅਰਥੀਆਂ ਉੱਠਣ ਨਾਲ ਪਿੰਡ ਪਸਨਾਵਾਲ ਵਿੱਚ ਸੋਗਮਈ ਮਾਹੌਲ ਬਣ ਗਿਆ ਹੈ।
ਮ੍ਰਿਤਕ ਸਵਿੰਦਰ ਸਿੰਘ ਆਪਣੇ ਸਾਰੇ ਪਰਿਵਾਰ ਸਮੇਤ ਨਾਰਵੇ ਵਿੱਚ ਪੱਕਾ ਤੌਰ ’ਤੇ ਰਹਿੰਦਾ ਸੀ ਅਤੇ ਅਕਸਰ ਹੀ ਜੱਦੀ ਪਿੰਡ ਪਸਨਾਵਾਲ ਆ ਕੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿੰਦਾ ਸੀ। ਉਸ ਦਾ ਪਿਤਾ ਅਨੂਪ ਸਿੰਘ ਪਿਛਲੇ ਕੁਝ ਸਮੇਂ ਤੋਂ ਨਾਰਵੇ ਤੋਂ ਆ ਕੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਆਪਣੇ ਜੱਦੀ ਘਰ ਪਿੰਡ ਪਸਨਾਵਾਲ ਵਿੱਚ ਰਹਿ ਰਿਹਾ ਸੀ। ਹੁਣ ਕਰੀਬ ਤਿੰਨ ਮਹੀਨੇ ਤੋਂ ਸਵਿੰਦਰ ਸਿੰਘ ਤੇ ਉਸ ਦੀ ਪਤਨੀ ਮਲਵਿੰਦਰ ਕੌਰ ਵੀ ਨਾਰਵੇਂ ਤੋਂ ਪੰਜਾਬ ਆਪਣੇ ਪਿਤਾ ਕੋਲ ਆਏ ਹੋਏ ਸਨ। ਸਵਿੰਦਰ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋਣ ’ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਿੱਛੋਂ ਉਸ ਦੇ ਪਿਤਾ ਅਨੂਪ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਨਾਲ ਮੌਤ ਹੋ ਗਈ ਅਤੇ ਅਗਲੇ ਦਿਨ ਅੰਮਿਤਸਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਦੋ ਦਿਨਾਂ ਵਿੱਚ ਇਕੋਂ ਪਰਿਵਾਰ ਦੇ ਦੋ ਜੀਆਂ ਦੇ ਸਦੀਵੀਂ ਵਿਛੋੜਾ ਨਾਲ ਪਿੰਡ ਵਿੱਚ ਦੁੱਖ ਭਰਿਆ ਮਾਹੌਲ ਬਣ ਗਿਆ ਹੈ। ਮ੍ਰਿਤਕ ਸਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਮਲਵਿੰਦਰ ਕੌਰ, ਬੇਟੀ ਸੁਖਜਿੰਦਰ ਕੌਰ, ਪੁੱਤਰ ਹਰਪਾਲ ਸਿੰਘ, ਜਸਮੇਰ ਸਿੰਘ (ਸਾਰੇ ਪਰਵਾਸੀ ਭਾਰਤੀ) ਨੂੰ ਛੱਡ ਗਿਆ ਹੈ। ਬਾਪੂ ਅਨੂਪ ਸਿੰਘ ਅਤੇ ਸਮਾਜ ਸੇਵੀ ਸਵਿੰਦਰ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ।