ਮੁਕੇਸ਼ ਕੁਮਾਰ
ਚੰਡੀਗੜ੍ਹ, 29 ਅਕਤੂਬਰ
ਇੱਥੋਂ ਦੀ ਮੇਅਰ ਸਰਬਜੀਤ ਕੌਰ ਨੇ ਅੱਜ ਇੱਥੇ ਸੈਕਟਰ 38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਨਗਰ ਨਿਗਮ ਚੰਡੀਗੜ੍ਹ ਦੇ ਕੌਂਸਲਰਾਂ ਲਈ ਦੋ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ। ਅੱਜ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਦੌਰਾਨ ਨਗਰ ਨਿਗਮ ਦੀ ਕਾਰਜਪ੍ਰਣਾਲੀ ਬਾਰੇ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਐਡਵੋਕੇਟ ਜੀਤ ਕੁਮਾਰ ਗੁਪਤਾ ਵੱਲੋਂ ਚੰਡੀਗੜ੍ਹ ਤੱਕ ਵਧਾਏ ਗਏ ਪੰਜਾਬ ਮਿਉਂਸਿਪਲ ਐਕਟ 1976 ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਨਗਰ ਨਿਗਮ ਦੇ ਕੰਮਕਾਜ ਬਾਰੇ ਪ੍ਰਸ਼ਾਂਤ ਪਿਸੋਲਕਰ ਨੇ ਕੌਂਸਲਰਾਂ ਨੂੰ ਜਾਣੂ ਕਰਵਾਇਆ। ਪ੍ਰੋਫੈਸਰ ਵੀ.ਐੱਨ. ਅਲੋਕ ਵੱਲੋਂ ਕੌਂਸਲਰਾਂ ਦੀਆਂ ਭੂਮਿਕਾਵਾਂ, ਜ਼ਿੰਮੇਵਾਰੀਆਂ ਅਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ ਗਈ। ਕੌਂਸਲਰਾਂ ਨੂੰ ਸ਼ਖ਼ਸੀਅਤ ਵਿਕਾਸ ਬਾਰੇ ਇਕ ਸੰਸਥਾ ਦੇ ਡਾਇਰੈਕਟਰ ਜਨਰਲ ਡਾ. ਰਵਿੰਦਰ ਸਾਠੇ ਨੇ ਟ੍ਰੇਨਿੰਗ ਦਿੱਤੀ।
ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਕੱਲ੍ਹ ਦੂਸਰੇ ਦਿਨ ਦਾ ਸੈਸ਼ਨ ਸਵੇਰੇ 10 ਵਜੇ ਮੁੜ ਸ਼ੁਰੂ ਹੋਵੇਗਾ ਜਿਸ ਦੌਰਾਨ ਸਮਾਪਤੀ ਸਮਾਰੋਹ ਸਮੇਤ ਵੱਖ-ਵੱਖ ਅਹਿਮ ਵਿਸ਼ਿਆਂ ਬਾਰੇ ਚਾਨਣਾ ਪਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਦਿੱਤੀ ਗਈ ਟਰੇਨਿੰਗ ਅਤੇ ਹੋਰ ਨਿਰਦੇਸ਼ ਕੌਂਸਲਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਿਹਤਰ ਢੰਗ ਨਾਲ ਸਮਝਣ ਦੇ ਯੋਗ ਬਣਾਵੇਗਾ। ਅੱਜ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਮੇਅਰ ਸਰਬਜੀਤ ਕੌਰ ਅਤੇ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਅੱਜ ਦੇ ਸੈਸ਼ਨ ਦੇ ਮੁੱਖ ਬੁਲਾਰਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ, ਚੁਣੇ ਗਏ ਕੌਂਸਲਰ ਅਤੇ ਨਗਰ ਨਿਗਮ ਦੇ ਨਵੇਂ ਨਾਮਜ਼ਦ ਕੌਂਸਲਰ ਹਾਜ਼ਰ ਸਨ। ਇਹ ਓਰੀਐਂਟੇਸ਼ਨ ਪ੍ਰੋਗਰਾਮ ਮੁੰਬਈ ਸਥਿਤ ਰੰਭੂ ਮਹਲਗੀ ਪਰਬੋਧਿਨੀ ਨਾਮ ਦੀ ਸੰਸਥਾ ਵਲੋਂ ਕਰਵਾਇਆ ਜਾ ਰਿਹਾ ਹੈ।