ਨਵੀਂ ਦਿੱਲੀ, 6 ਦਸੰਬਰ
ਮੁੱਖ ਅੰਸ਼
- ਪੀਡੀਪੀ ਆਗੂ ਮੁਤਾਬਕ ਲੋਕਾਂ ਨੂੰ 2019 ਤੋਂ ਲਗਾਤਾਰ ਦਬਾਇਆ ਜਾ ਰਿਹੈ
- ਬੇਕਸੂਰਾਂ ਦੀਆਂ ਹੱਤਿਆਵਾਂ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਅੱਜ ਇੱਥੇ ਜੰਤਰ ਮੰਤਰ ’ਤੇ ਧਰਨਾ ਦਿੱਤਾ। ਮੁਫ਼ਤੀ ਨੇ ਦੋਸ਼ ਲਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਮਹਬਿੂਬਾ ਨੇ ਕਿਹਾ ਕਿ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਤੁਰੰਤ ਰੋਕੀਆਂ ਜਾਣ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਨੇ ਕਿਹਾ ਕਿ ਉਸ ਨੇ ਤਾਂ ਕੌਮੀ ਰਾਜਧਾਨੀ ਵਿਚ ਧਰਨਾ ਦੇਣ ਦਾ ਫ਼ੈਸਲਾ ਲਿਆ ਕਿਉਂਕਿ ਕਸ਼ਮੀਰ ਵਿਚ ਕਦੇ ਵੀ ਰੋਸ ਜ਼ਾਹਿਰ ਨਹੀਂ ਕਰਨ ਦਿੱਤਾ ਗਿਆ। ਮਹਬਿੂਬਾ ਨੇ ਕਿਹਾ ਕਿ ਉਸ ਨੂੰ ਜਾਂ ਤਾਂ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਤੇ ਜੇ ਉਸ ਨੇ ਵਿਰੋਧ ਦਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਲੈ ਗਈ। ਜੰਤਰ ਮੰਤਰ ਉਤੇ ਅੱਜ ਕਈ ਪੀਡੀਪੀ ਵਰਕਰ ਮਹਬਿੂਬਾ ਦੇ ਨਾਲ ਰੋਸ ਮੁਜ਼ਾਹਰੇ ਵਿਚ ਸ਼ਾਮਲ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਮਹਬਿੂਬਾ ਨੇ ਕਿਹਾ ਕਿ ਕਸ਼ਮੀਰ ਜੇਲ੍ਹ ਬਣ ਗਿਆ ਹੈ ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਵਿਚਾਰ ਰੱਖਣ ਦੀ ਕੋਈ ਆਜ਼ਾਦੀ ਨਹੀਂ ਹੈ। ਪੀਡੀਪੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕਿਵੇਂ ਸਰਕਾਰ ਵਿਕਾਊ ਮੀਡੀਆ ਦੀ ਮਦਦ ਨਾਲ ਇਹ ਦਿਖਾਉਣ ਵਿਚ ਰੁੱਝੀ ਹੈ ਕਿ ਵਾਦੀ ਵਿਚ ਸਭ ਕੁਝ ਠੀਕ-ਠਾਕ ਹੈ। ਸਾਬਕਾ ਮੁੱਖ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਹਰੇਕ ਪੁਲੀਸ ਕਾਰਵਾਈ ਉਤੇ ਸਵਾਲ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਜਦ ਵੀ ਕੋਈ ਮੁਕਾਬਲਾ ਹੁੰਦਾ ਹੈ ਤੇ ਅਤਿਵਾਦੀ ਹਲਾਕ ਹੁੰਦਾ ਹੈ, ਕੋਈ ਸਵਾਲ ਨਹੀਂ ਕਰਦਾ ਪਰ ਜਦ ਕੋਈ ਨਾਗਰਿਕ ਮਾਰਿਆ ਜਾਂਦਾ ਹੈ ਉਦੋਂ ਹੀ ਲੋਕ ਬਾਹਰ ਨਿਕਲਦੇ ਹਨ ਤੇ ਸਵਾਲ ਪੁੱਛਦੇ ਹਨ। ਵਾਦੀ ਦੀ ਆਗੂ ਨੇ ਇਸ ਮੌਕੇ ਨਾਗਾਲੈਂਡ ਦੀ ਘਟਨਾ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਤੁਰੰਤ ਐਫਆਈਆਰ ਦਰਜ ਕਰ ਲਈ ਗਈ ਹੈ। ਕਸ਼ਮੀਰ ਵਿਚ ਇਸ ਤਰ੍ਹਾਂ ਕਿਉਂ ਨਹੀਂ ਹੁੰਦਾ? ਮਹਬਿੂਬਾ ਨੇ ਦੋਸ਼ ਲਾਇਆ ਕਿ ਜੰਮੂ ਕਸ਼ਮੀਰ ਵਿਚ ਭ੍ਰਿਸ਼ਟਾਚਾਰ ਸਿਖ਼ਰਾਂ ਉਤੇ ਹੈ, ਨੌਕਰੀਆਂ ਨਹੀਂ ਹਨ ਤੇ ਬੇਕਸੂਰਾਂ ਦਾ ਖ਼ੂਨ ਡੁੱਲ ਰਿਹਾ ਹੈ।
‘ਜੇ ਹੁਣ ਵੀ ਨਹੀਂ ਜਾਗੇ ਤਾਂ ਬੇਵੱਸ ਹੋ ਜਾਵਾਂਗੇ’
ਮਹਬਿੂਬਾ ਮੁਫ਼ਤੀ ਨੇ ਕਿਹਾ ਕਿ, ‘ਮੈਂ ਇੱਥੇ ਪੂਰੇ ਦੇਸ਼ ਦੇ ਲੋਕਾਂ ਨੂੰ ਦੱਸਣ ਆਈ ਹਾਂ ਕਿ ਜੇ ਉਹ ਹੁਣ ਵੀ ਨਹੀਂ ਜਾਗੇ, ਤਾਂ ਉਹ ਦਿਨ ਦੂਰ ਨਹੀਂ ਜਦ ਗਾਂਧੀ ਤੇ ਅੰਬੇਡਕਰ ਦੇ ਦੇਸ਼ ਨੂੰ ਗੋਡਸੇ ਦੇ ਦੇਸ਼ ਵਿਚ ਬਦਲ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰ ਸਕਾਂਗੇ।’ ਕਈ ਫੋਟੋ ਪੱਤਰਕਾਰਾਂ ਨੇ ਮਹਬਿੂਬਾ ਨੂੰ ਮਾਸਕ ਉਤਾਰਨ ਦੀ ਅਪੀਲ ਕੀਤੀ ਤਾਂ ਕਿ ਚੰਗੀ ਫੋਟੋ ਆ ਸਕੇ ਪਰ ਉਨ੍ਹਾਂ ਚਿਹਰੇ ’ਤੇ ਮੁਸਕਾਨ ਰੱਖਦਿਆਂ ਕਿਹਾ ਕਿ ‘ਜੇ ਮੈਂ ਮਾਸਕ ਉਤਾਰਾਂਗੀ ਤਾਂ ਯੂਏਪੀਏ ਤਹਿਤ ਕੇਸ ਦਰਜ ਕਰ ਲਿਆ ਜਾਵੇਗਾ।’ -ਪੀਟੀਆਈ