ਗੁਰਜੰਟ ਕਲਸੀ
ਸਮਾਲਸਰ, 15 ਅਪਰੈਲ
ਨੇੜਲੇ ਪਿੰਡ ਵੈਰੋਕੇ ਦੇ ਮਨੀਲਾ ਰਹਿੰਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਵੈਰੋਕੇ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਰਣਧੀਰ ਸਿੰਘ ਕਈ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਮਨੀਲਾ ਗਿਆ ਸੀ। ਬੀਤੀ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਣਧੀਰ ਸਿੰਘ ਦੀ ਮ੍ਰਿਤਕ ਦੇਹ ਲਿਆਉਣ ਲਈ ਮਨੀਲਾ ਰਹਿੰਦੇ ਨੌਜਵਾਨ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਕੋਸ਼ਿਸ਼ ਕਰ ਰਹੇ ਹਨ। ਬੀਕੇਯੂ ਕ੍ਰਾਂਤੀਕਾਰੀ ਦੇ ਸੀਨੀਅਰ ਆਗੂਆਂ ਪ੍ਰਧਾਨ ਲਾਲ ਸਿੰਘ, ਸਰਮੁਖ ਸਿੰਘ, ਸੂਰਜ ਭਾਨ, ਲੋਕ ਸੰਘਰਾਮ ਮੋਰਚਾ ਦੇ ਸੀਨੀਅਰ ਆਗੂ ਤਾਰਾ ਸਿੰਘ, ਪ੍ਰੇਮ ਸਿੰਘ, ਦਲਵਿੰਦਰ ਸਿੰਘ, ਕੱਤਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਪੰਜਾਬ ਸਰਕਾਰ ਕੁਲਤਾਰ ਸਿੰਘ ਸੰਧਵਾਂ ਤੋਂ ਮੰਗ ਕੀਤੀ ਹੈ ਕਿ ਰਣਧੀਰ ਸਿੰਘ ਦੀ ਮ੍ਰਿਤਕ ਦੇਹ ਘਰ ਲਿਆਉ ਲਈ ਮਦਦ ਕੀਤੀ ਜਾਵੇ। ਰਣਧੀਰ ਸਿੰਘ ਆਪਣੇ ਪਿੱਛੇ ਪਤਨੀ ਜਗਜੀਤ ਕੌਰ, ਪੁੱਤਰ ਅਰਸ਼ਪ੍ਰੀਤ ਸਿੰਘ, ਵਰਿੰਦਰ ਸਿੰਘ ਤੇ ਪੁੱਤਰੀ ਰਮਨਦੀਪ ਕੌਰ ਛੱਡ ਗਿਆ ਹੈ।