ਮਿਹਰ ਸਿੰਘ
ਕੁਰਾਲੀ, 16 ਮਈ
ਨੇੜਲੇ ਪਿੰਡ ਖਿਜ਼ਰਾਬਾਦ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦਾ ਪਿੰਡ ਵਾਸੀਆਂ ਨੇ ਸਖਤ ਵਿਰੋਧ ਕਰਦਿਆਂ ਕੰਪਨੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਲਈ ਟਾਵਰ ਹਟਾਏ ਜਾਣ ਦੀ ਮੰਗ ਕਰਦਿਆਂ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ।
ਪਿੰਡ ਦੀਆਂ ਦੋਵੇਂ ਪੰਚਾਇਤਾਂ ਦੇ ਸਰਪੰਚ ਜਸਵੀਰ ਕੌਰ, ਸਰਪੰਚ ਗੁਰਿੰਦਰ ਸਿੰਘ, ਸਮੂਹ ਪੰਚਾਇਤ ਮੈਂਬਰਾਂ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਨਵਾਂ ਮੋਬਾਈਲ ਟਾਵਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਨੀ ਦਾ ਪਹਿਲਾਂ ਤੋਂ ਹੀ ਟਾਵਰ ਪਿੰਡ ਵਿੱਚ ਚੱਲ ਰਿਹਾ ਹੈ ਜਦਕਿ ਹੁਣ ਕੰਪਨੀ ਵੱਲੋਂ ਇੱਕ ਹੋਰ ਟਾਵਰ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।
ਸਰਪੰਚ ਜਸਵੀਰ ਕੌਰ, ਗੁਰਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਟਾਵਰ ਨਾ ਲਗਾਏ ਜਾਣ ਸਬੰਧੀ ਉਹ ਕੰਪਨੀ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਕਰ ਚੁੱਕੇ ਹਨ ਪਰ ਕੰਪਨੀ ਅਧਿਕਾਰੀਆਂ ਨੇ ਟਾਵਰ ਦਾ ਕੰਮ ਰੋਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸੇ ਦੌਰਾਨ ਪੰਚਾਇਤ ਨੇ ਦੱਸਿਆ ਕਿ ਪਿੰਡ ਵਿੱਚ ਟਾਵਰ ਲਗਾਉਣ ਲਈ ਉਨ੍ਹਾਂ ਨੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਅਤੇ ਨਾ ਹੀ ਮਤਾ ਪਾਇਆ ਹੈ।
ਇਸੇ ਦੌਰਾਨ ਸਰਪੰਚ ਜਸਵੀਰ ਕੌਰ ਨੇ ਕਿਹਾ ਕਿ ਇਸ ਸਬੰਧੀ ਉਹ ਪੰਚਾਇਤ ਵਿੱਚ ਮਤਾ ਲਿਆ ਕੇ ਟਾਵਰ ਲਗਾਏ ਜਾਣ ਖ਼ਿਲਾਫ਼ ਮੋਰਚਾ ਖੋਲ੍ਹਣਗੇ। ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਉਹ ਇਹ ਮਾਮਲਾ ਐਸਡੀਐਮ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ। ਇਸੇ ਦੌਰਾਨ ਦੋਵਾਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਕੰਪਨੀ ਵੱਲੋਂ ਲਗਾਏ ਜਾ ਰਹੇ ਟਾਵਰ ਦੇ ਕੰਮ ਨੂੰ ਪ੍ਰਸ਼ਾਸਨ ਨੇ ਨਾ ਰੁਕਵਾਇਆ ਤਾਂ ਉਨ੍ਹਾਂ ਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਏਗਾ। ਪਿੰਡ ਵਾਸੀਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਹ ਟਾਵਰ ਨਹੀਂ ਲੱਗਣ ਦੇਣਗੇ।