ਕੋਲੰਬੋ, 3 ਸਤੰਬਰ
ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ਼ੁੱਕਰਵਾਰ ਨੂੰ ਥਾਈਲੈਂਡ ਤੋਂ ਕੋਲੰਬੋ ਪਰਤ ਆਏ ਤੇ ਭੰਡਰਾਨਾਇਕੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਦੇਸ਼ ਵਿੱਚ ਬੇਮਿਸਾਲ ਆਰਥਿਕ ਸੰਕਟ ਕਾਰਨ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਾਜਪਕਸ਼ੇ ਵਿਦੇਸ਼ ਭੱਜ ਗਏ ਸਨ। ਉਹ 51 ਦਿਨ ਦੇਸ਼ ਤੋਂ ਬਾਹਰ ਸੀ। ਰਾਜਪਕਸ਼ੇ ਸਖ਼ਤ ਸੁਰੱਖਿਆ ਵਿਚਕਾਰ ਬੈਂਕਾਕ ਤੋਂ ਸਿੰਗਾਪੁਰ ਦੇ ਰਸਤੇ ਕੋਲੰਬੋ ਪਹੁੰਚੇ। ਉਹ ਬੀਤੀ ਰਾਤ ਸਾਢੇ ਗਿਆਰਾਂ ਵਜੇ ਸਿੰਗਾਪੁਰ ਏਅਰਲਾਈਨਜ਼ ਰਾਹੀਂ ਦੇਸ਼ ਪਰਤੇ। ਇਸ ਦੌਰਾਨ ਸਰਕਾਰ ਨੇ ਉਨ੍ਹਾਂ ਨੂੰ ਵਿਸ਼ੇਸ਼ ਸੁਰੱਖਿਆ ਤੇ ਸਰਕਾਰੀ ਬੰਗਲਾ ਮੁਹੱਈਆ ਕਰਵਾ ਦਿੱਤਾ ਹੈ।