ਦਿਲਬਾਗ ਸਿੰਘ ਗਿੱਲ
ਅਟਾਰੀ, 5 ਦਸੰਬਰ
ਅਟਾਰੀ ਸਰਹੱਦ ਦੇ ਬਾਹਰ 72 ਦਿਨਾਂ ਤੋਂ ਬੇਘਰੇ ਬੈਠੇ 99 ਪਾਕਿਸਤਾਨੀ ਹਿੰਦੂ ਪਰਿਵਾਰ ਵਤਨ ਪਰਤਣ ਦੀ ਉਡੀਕ ਵਿੱਚ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਹੈ। ਇਹ ਪਾਕਿਸਤਾਨੀ ਹਿੰਦੂ ਨਾਗਰਿਕ ਅਟਾਰੀ ਸਰਹੱਦ ਦੇ ਬਾਹਰ ਆਪਣਾ ਰੈਣ ਬਸੇਰਾ ਬਣਾਈ ਬੈਠੇ ਹਨ ਜਿਨ੍ਹਾਂ ਵਿੱਚ 48 ਬੱਚੇ ਵੀ ਸ਼ਾਮਲ ਹਨ। ਬੀਤੇ ਦਿਨ ਇਨ੍ਹਾਂ ਪਰਿਵਾਰਾਂ ਵਿੱਚ ਸ਼ਾਮਲ ਨਿੰਬੂ ਬਾਈ ਨਾਂ ਦੀ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।
ਨਵਜੰਮੇ ਬੱਚੇ ਦੇ ਪਿਤਾ ਬਾਲਮ ਰਾਮ ਵਾਸੀ ਪਿੰਡ ਰਾਜਨਪੁਰ, ਜ਼ਿਲ੍ਹਾ ਰਹਿਮੀਆ, ਪੰਜਾਬ (ਪਾਕਿਸਤਾਨ) ਨੇ ਦੱਸਿਆ ਕਿ ਉਸ ਦੇ ਘਰ 2 ਦਸੰਬਰ ਨੂੰ ਇੱਕ ਅੜਕੇ ਨੇ ਜਨਮ ਲਿਆ ਹੈ। ਅਟਾਰੀ ਬਾਰਡਰ ’ਤੇ ਜੰਮੇ ਇਸ ਬੱਚੇ ਦਾ ਨਾਮ ਉਨ੍ਹਾਂ ‘ਬਾਰਡਰ’ ਰੱਖਿਆ ਹੈ। ਉਸ ਨੇ ਦੱਸਿਆ ਕਿ ਜਦੋਂ ਬੱਚਾ ਵੱਡਾ ਹੋਵੇਗਾ ਤਾਂ ਉਸ ਨੂੰ ਦੱਸਿਆ ਜਾਵੇਗਾ ਕਿ ਉਸ ਦਾ ਜਨਮ ਬਾਰਡਰ ’ਤੇ ਹੋਣ ਕਰ ਕੇ ਬਾਰਡਰ ਨਾਂ ਰੱਖਿਆ ਗਿਆ ਸੀ। ਪਾਕਿਸਤਾਨੀ ਸੂਬਾ ਸਿੰਧ ਤੇ ਪੰਜਾਬ ਦੇ ਇਹ ਹਿੰਦੂ ਯਾਤਰੀ 21 ਸਤੰਬਰ ਨੂੰ ਵਤਨ ਪਰਤਣ ਲਈ ਅਟਾਰੀ ਸਰਹੱਦ ’ਤੇ ਪਹੁੰਚੇ ਸਨ ਪਰ ਪਾਕਿਸਤਾਨ ਜਾਣ ਲਈ ਆਗਿਆ ਤੇ ਜੋਧਪੁਰ (ਰਾਜਸਥਾਨ) ਤੋਂ ਪੁਲੀਸ ਕਲੀਅਰੈਂਸ ਸਰਟੀਫਿਕੇਟ ਨਾ ਹੋਣ ਕਾਰਨ ਇਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਯਾਤਰੀਆਂ ਵਿੱਚ ਉਹ ਹਿੰਦੂ ਯਾਤਰੀ ਵੀ ਸ਼ਾਮਲ ਹਨ ਜੋ 2017 ਵਿੱਚ ਹਰਿਦੁਆਰ ’ਚ ਧਾਰਮਿਕ ਤੀਰਥਾਂ ਦੇ ਦਰਸ਼ਨ ਕਰਨ ਲਈ ਪਰਿਵਾਰਾਂ ਸਮੇਤ ਭਾਰਤ ਆਏ ਸਨ ਤੇ ਕੁਝ ਲੌਕਡਾਊਨ ਲੱਗਣ ਤੋਂ ਪਹਿਲਾਂ ਭਾਰਤ ਆਏ ਸਨ ਪਰ ਵਾਪਸ ਨਹੀਂ ਸਨ ਜਾ ਸਕੇ। ਇਹ ਪਾਕਿਸਤਾਨੀ ਯਾਤਰੀ ਅਟਾਰੀ ਆਉਣ ਤੋਂ ਪਹਿਲਾਂ ਜੋਧਪੁਰ, ਰਾਜਸਥਾਨ ਵਿੱਚ ਰਹਿ ਰਹੇ ਸਨ।