ਪੱਤਰ ਪ੍ਰੇਰਕ
ਹੁਸ਼ਿਆਰਪੁਰ, 13 ਮਈ
ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਵਲੋਂ ਜ਼ਿਲ੍ਹਾ ਵਾਤਾਵਰਨ ਪਲਾਨ ਨੂੰ ਲਾਗੂ ਕਰਨ ਲਈ ਗਠਿਤ ਨਿਗਰਾਨ ਕਮੇਟੀ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਜਸਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗ ਆਪਸੀ ਤਾਲਮੇਲ ਨਾਲ ਵਾਤਾਵਰਨ ਦੀ ਸੰਭਾਲ ਲਈ ਅਹਿਮ ਕਦਮ ਚੁੱਕਣ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖੀ ਜਾ ਸਕੇ। ਉਹ ਅੱਜ ਨਿਗਰਾਨ ਕਮੇਟੀ ਵੱਲੋਂ ਜ਼ਿਲ੍ਹੇ ਦੇ ਵਾਤਾਵਰਨ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਕਮੇਟੀ ਦੇ ਸੀਨੀਅਰ ਮੈਂਬਰ ਐੱਸ.ਸੀ ਅਗਰਵਾਲ ਸਾਬਕਾ ਮੁੱਖ ਸਕੱਤਰ ਪੰਜਾਬ, ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਟੈਕਨੀਕਲ ਐਕਸਪਰਟ ਬਾਬੂ ਰਾਮ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਅਜੋਕੇ ਦੌਰ ਵਿਚ ਪਾਣੀ, ਹਵਾ ਅਤੇ ਧਰਤੀ ਨੂੰ ਸੰਭਾਲਣ ਦੀ ਲੋੜ ਹੈ, ਇਸ ਲਈ ਪੂਰੀ ਗੰਭੀਰਤਾ ਨਾਲ ਵਾਤਾਵਰਨ ਪਲਾਨ ਅਨੁਸਾਰ ਤੈਅ ਟੀਚਿਆਂ ਨੂੰ ਸਮਾਂ ਹੱਦ ਅੰਦਰ ਪੂਰਾ ਕੀਤਾ ਜਾਵੇ। ਉਨ੍ਹਾਂ ਨਗਰ ਕੌਂਸਲਾਂ ਨੂੰ ਕਿਹਾ ਕਿ ਨਿਰਧਾਰਤ ਸਮੇਂ ਦੌਰਾਨ ਯਕੀਨੀ ਬਣਾਇਆ ਜਾਵੇ ਕਿ ਸੁੱਕੇ ਅਤੇ ਗਿੱਲੇ ਕੂੜੇ ਦਾ ਵਰਗੀਕਰਨ ਕਰ ਕੇ ਸਹੀ ਤਰੀਕੇ ਨਾਲ ਇਸ ਦਾ ਨਿਪਟਾਰਾ ਕੀਤਾ ਜਾਵੇ।