ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 27 ਫਰਵਰੀ
ਮੁਲਕ ਦੀ ਆਜ਼ਾਦੀ ਲਈ ਚੱਲੀਆਂ ਇਨਕਲਾਬੀ ਕੌਮੀ ਮੁਕਤ ਲਹਿਰਾਂ ਵਿੱਚ ਨਿਵੇਕਲਾ ਸਥਾਨ ਰੱਖਦੀ ਬੱਬਰ ਅਕਾਲੀ ਲਹਿਰ ’ਚ 27 ਫਰਵਰੀ, 1926 ਨੂੰ ਕਿਸ਼ਨ ਸਿੰਘ ਗੜਗੱਜ ਵੜਿੰਗ, ਕਰਮ ਸਿੰਘ ਮਾਣਕੋ, ਨੰਦ ਸਿੰਘ ਘੁੜਿਆਲ, ਸੰਤਾ ਸਿੰਘ ਛੋਟੀ ਹਰਿਓਂ, ਦਲੀਪ ਸਿੰਘ ਧਾਮੀਆਂ ਅਤੇ ਧਰਮ ਸਿੰਘ ਹਿਯਾਤਪੁਰ ਰੁੜਕੀ, 27 ਫਰਵਰੀ 1927 ਨੂੰ ਨਿੱਕਾ ਸਿੰਘ ਗਿੱਲ, ਮੁਕੰਦ ਸਿੰਘ ਜਵੱਧੀ ਕਲਾਂ, ਬੰਤਾ ਸਿੰਘ ਗੁਰੂਸਰ, ਸੁੰਦਰ ਸਿੰਘ ਲਹੁਕਾ, ਗੁੱਜਰ ਸਿੰਘ ਢੱਪਈ ਅਤੇ ਨਿੱਕਾ ਸਿੰਘ ਦੂਜਾ ਆਲੋਵਾਲ, ਲਾਹੌਰ ਕੇਂਦਰੀ ਜੇਲ੍ਹ ਅਤੇ 16 ਮਈ 1931 ਨੂੰ ਜਲੰਧਰ ਜੇਲ੍ਹ ’ਚ ਸ਼ਹੀਦ ਹੋਏ ਬੱਬਰਾਂ ਲਾਭ ਸਿੰਘ, ਭਾਨ ਸਿੰਘ ਰੰਧਾਵਾ ਮਸੰਦਾਂ ਤੇ ਸਾਧੂ ਸਿੰਘ ਸਾਧੜਾ ਦੀ ਯਾਦ ’ਚ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਪ੍ਰਭਾਵਸ਼ਾਲੀ ਸ਼ਰਧਾਂਜ਼ਲੀ ਸਮਾਗਮ ਕੀਤਾ ਗਿਆ। ਸਮਾਗਮ ’ਚ ਹਰਿਓਂ ਖੁਰਦ ਲੁਧਿਆਣਾ, ਸਾਧੜਾ, ਮਾਹਿਲਪੁਰ, ਪੰਡੋਰੀ ਗੰਗਾ ਸਿੰਘ, ਸਰਹਾਲਾ ਕਲਾਂ, ਕੋਟ ਫਤੂਹੀ ਹੁਸ਼ਿਆਰਪੁਰ, ਰੰਧਾਵਾ ਮਸੰਦਾ, ਪੰਡੋਰੀ ਨਿੱਝਰਾਂ, ਜੌਹਲ, ਦੌਲਤਪੁਰ ਆਦਿ ਪਿੰਡਾਂ ਤੋਂ ਪੁੱਜੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਨਗਰਾਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਬੱਬਰ ਰਤਨ ਸਿੰਘ ਰੱਕੜ ਦੇ ਪੋਤਰੇ ਜੁਝਾਰ ਸਿੰਘ ਦਾ ਭੇਜਿਆ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਬੱਬਰ ਅਕਾਲੀ ਲਹਿਰ ਦੇ ਇਤਿਹਾਸ ਨੂੰ ਸਿਜਦਾ ਕਰਦਿਆਂ ਨਵੀਂ ਪੀੜ੍ਹੀ ਨੂੰ ਰੌਸ਼ਨੀ ਦਿੰਦੀ ਰਹੇਗੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਮੈਂਬਰ ਵਿਜੈ ਬੰਬੇਲੀ ਨੇ ਵੀ ਸਬੋਧਨ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।
ਜੱਲ੍ਹਿਆਂਵਾਲੇ ਬਾਗ ਦੇ ਮੂਲ ਸਰੂਪ ਦੀ ਬਹਾਲੀ ਸਮੇਤ ਕਈ ਮਤੇ ਪਾਸ
ਸਮਾਗਮ ’ਚ ਹੱਥ ਖੜ੍ਹੇ ਕਰਕੇ ਪਾਸ ਮਤਿਆਂ ’ਚ ਮੰਗ ਕੀਤੀ ਗਈ ਕਿ ਯੂਕਰੇਨ ਦੀ ਧਰਤੀ ’ਤੇ ਲੋਕਾਂ ਨੂੰ ਜੰਗ ਵਿੱਚ ਝੋਕਣ ਦੇ ਕਾਰਨਾਮੇ ਬੰਦ ਕੀਤੇ ਜਾਣ ਅਤੇ ਯੂਕਰੇਨ ਪੜ੍ਹਦੇ ਵਿਦਿਆਰਥੀਆਂ ਅਤੇ ਭਾਰਤੀ ਲੋਕਾਂ ਦੀ ਸੁਰੱਖਿਅਤ ਘਰ ਵਾਪਸੀ ਕੀਤੀ ਜਾਵੇ। ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਰਿਹਾਅ ਕੀਤਾ ਜਾਵੇ। ਹਿਜਾਬ ਅਤੇ ਦਸਤਾਰ ਜ਼ਬਰੀ ਉਤਾਰਨ ਦੇ ਫ਼ਰਮਾਨ ਮੜ੍ਹਨੇ ਬੰਦ ਕੀਤੇ ਜਾਣ। ਜੱਲ੍ਹਿਆਂਵਾਲੇ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਕੀਤੀ ਜਾਵੇ।