ਬਹਾਦਰ ਸਿੰਘ ਗੋਸਲ
ਸਾਡੇ ਸਮਾਜਿਕ ਜੀਵਨ ਵਿੱਚ ਪਰਿਵਾਰ ਦਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਪਰਿਵਾਰ ਨੂੰ ਸਮਾਜ ਦੀ ਇਕਾਈ ਕਿਹਾ ਜਾਂਦਾ ਹੈ। ਹਰ ਪਰਿਵਾਰ ਦੀ ਦੇਖਭਾਲ, ਉਸ ਦੀ ਉੱਨਤੀ, ਬੱਚਿਆਂ ਦੀ ਪੜ੍ਹਾਈ, ਸਾਂਭ ਕੇ ਰੱਖੀ ਕਮਾਈ ਅਤੇ ਵਿਵਹਾਰਕ ਜ਼ਿੰਮੇਵਾਰੀਆਂ ਲਈ ਔਰਤ ਦਾ ਯੋਗਦਾਨ ਮਹੱਤਵਪੂਰਨ ਹੁੰਦਾ ਹੈ। ਅੱਜ ਦੀਆਂ ਔਰਤਾਂ ਨੂੰ ਨੌਕਰੀਆਂ ਕਰਦੀਆਂ ਦੇਖ ਹਰ ਕੋਈ ਕਹਿ ਦਿੰਦਾ ਹੈ ਕਿ ਅਜੋਕੇ ਸਮੇਂ ਦੀਆਂ ਨਾਰੀਆਂ ਬਹੁਤ ਕੰਮ ਕਰਦੀਆਂ ਹਨ ਜਦੋਂ ਕਿ ਅੱਜ ਤੋਂ 50-60 ਸਾਲ ਪਹਿਲਾਂ ਦੀਆਂ ਔਰਤਾਂ ਵਿਹਲੀਆਂ ਹੀ ਰਹਿੰਦੀਆਂ ਸਨ। ਪਰ ਇੰਜ ਨਹੀਂ ਪੁਰਾਣੇ ਸਮੇਂ ਵਿੱਚ ਔਰਤਾਂ ਭਾਵੇਂ ਨੌਕਰੀ ਨਹੀਂ ਸਨ ਕਰਦੀਆਂ, ਪਰ ਉਨ੍ਹਾਂ ਦੇ ਪਰਿਵਾਰਕ ਕੰਮ ਅਨੇਕ ਸਨ। ਭਾਵੇਂ ਸਾਂਝੇ ਪਰਿਵਾਰ ਹੋਣ ਕਰਕੇ ਔਰਤਾਂ ਦੇ ਕੰਮ ਵੰਡੇ ਜਾਂਦੇ ਸਨ, ਪਰ ਫਿਰ ਵੀ ਉਨ੍ਹਾਂ ਦੇ ਕੰਮ ਸਾਰਾ ਦਿਨ ਮੁੱਕਦੇ ਹੀ ਨਹੀਂ ਸਨ।
ਚੁੱਲ੍ਹੇ-ਚੌਂਕੇ ਦਾ ਕੰਮ, ਪਸ਼ੂਆਂ ਦੀ ਦੇਖਭਾਲ ਦਾ ਕੰਮ, ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ, ਘਰ ਦੀਆਂ ਛੋਟੀਆਂ-ਛੋਟੀਆਂ ਲੋੜਾਂ ਨੂੰ ਪੂਰਾ ਕਰਨ ਦਾ ਕੰਮ ਔਰਤਾਂ ਹੀ ਕਰਦੀਆਂ ਸਨ। ਘਰ ਪਰਿਵਾਰ ਇਕਾਈ ਦਾ ਧੁਰਾ ਔਰਤ ਹੀ ਹੁੰਦੀ ਸੀ। ਉਨ੍ਹਾਂ ਦਿਨਾਂ ਵਿੱਚ ਔਰਤਾਂ ਲਈ ਜੋ ਵਿਹਲੇ ਕੰਮ ਹੁੰਦੇ ਸਨ ਉਨ੍ਹਾਂ ਵਿੱਚ ਤ੍ਰਿੰਝਣਾਂ ਵਿੱਚ ਬੈਠ ਕੇ ਚਰਖੇ ਕੱਤਣਾ, ਪਰਿਵਾਰ ਦੇ ਜੀਆਂ ਲਈ ਨਾਲੇ ਬੁਣਨਾ, ਕੱਢ-ਕਢਾਈ ਦਾ ਕੰਮ ਕਰਨਾ, ਮੁਟਿਆਰ ਹੋਈ ਧੀ ਦੇ ਵਿਆਹ ਦਾ ਦਾਜ ਤਿਆਰ ਕਰਨਾ, ਪਰਿਵਾਰ ਦੀ ਲੋੜ ਅਨੁਸਾਰ ਦਰੀਆਂ ਬਣਾਉਣ ਅਤੇ ਸਭ ਤੋਂ ਜ਼ਰੂਰੀ ਹੁੰਦਾ ਸੀ ਆਪਣੀਆਂ ਜਵਾਨ ਹੋ ਰਹੀਆਂ ਬੇਟੀਆਂ ਨੂੰ ਚੰਗਾ ਖਾਣਾ ਬਣਾਉਣਾ ਸਿਖਾਉਣਾ, ਉਨ੍ਹਾਂ ਨੂੰ ਕਢਾਈ ਅਤੇ ਸਿਲਾਈ ਦੇ ਕੰਮ ਵਿੱਚ ਮਾਹਿਰ ਕਰਨਾ। ਉਸ ਵਿੱਚ ਕਲਾਂ ਦੇ ਚੰਗੇ ਗੁਣ ਪੈਦਾ ਕਰਨਾ ਬਹੁਤ ਜ਼ਰੂਰੀ ਹੁੰਦਾ ਸੀ।
ਇਨ੍ਹਾਂ ਸਾਰੇ ਕੰਮਾਂ ਦੇ ਨਾਲ-ਨਾਲ ਪਿੰਡਾਂ ਦੀਆਂ ਔਰਤਾਂ ਨੂੰ ਪਰਿਵਾਰ ਦੀ ਆਰਥਿਕ ਦਸ਼ਾ ਨੂੰ ਸੁਧਾਰਨ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨ ਲਈ ਖੇਤੀਬਾੜੀ ਦੇ ਕੰਮਾਂ ਵਿੱਚ ਵੀ ਹਿੱਸਾ ਪਾਉਣਾ ਪੈਂਦਾ ਸੀ ਜਿਵੇਂ ਕਪਾਹ ਚੁਗਣਾ, ਛੱਲੀਆਂ ਕੱਢਣੀਆਂ, ਮਿਰਚਾਂ ਜਾਂ ਸਬਜ਼ੀਆਂ ਤੋੜਨੀਆਂ ਆਦਿ। ਫਿਰ ਵੀ ਜਦੋਂ ਉਨ੍ਹਾਂ ਔਰਤਾਂ ਨੂੰ ਸਮਾਂ ਮਿਲਦਾ ਤਾਂ ਉਹ ਸੂਤ ਕੱਤਣ ਅਤੇ ਸੂਤ ਦੇ ਕੇ ਉਸ ਨੂੰ ਤਿਆਰ ਕਰਕੇ ਬੁਣਕਰਾਂ ਪਾਸੋਂ ਖੱਦਰ ਜਾਂ ਖੇਸ ਬਣਾਉਣ ਵਿੱਚ ਰੁੱਝੀਆਂ ਰਹਿੰਦੀਆਂ। ਉਨ੍ਹਾਂ ਦਿਨਾਂ ਵਿੱਚ ਦੇਸੀ ਖੱਦਰ ਦੀ ਬੜੀ ਪੁੱਛ ਹੁੰਦੀ ਸੀ। ਮਸ਼ੀਨੀ ਕੱਪੜੇ ਘੱਟ ਹੀ ਮਿਲਦੇ ਸਨ, ਆਮ ਤੌਰ ’ਤੇ ਪਿੰਡਾਂ ਦੇ ਲੋਕ ਦੇਸੀ ਖੱਦਰ ਤੋਂ ਬਣੇ ਕੱਪੜੇ ਪਹਿਨਦੇ ਸਨ। ਹਰ ਘਰ ਨੂੰ ਦਰੀਆਂ, ਖੇਸ, ਚਾਦਰਾਂ ਜਾਂ ਖੇਤੀ ਲਈ ਕੰਮ ਆਉਣ ਵਾਲੇ ਮੋਟੇ ਦੋਲਿਆਂ ਦੀ ਲੋੜ ਹੁੰਦੀ ਸੀ ਜੋ ਸਭ ਦੇਸੀ ਸੂਤ ਤੋਂ ਹੀ ਬਣਦੇ ਸਨ। ਇਸ ਲਈ ਹਰ ਘਰ ਪਰਿਵਾਰ ਲਈ ਔਰਤਾਂ ਵੱਲੋਂ ਦੇਸੀ ਸੂਤ ਵੱਧ ਤੋਂ ਵੱਧ ਤਿਆਰ ਕਰਨ ਦਾ ਕੰਮ ਬਹੁਤ ਜ਼ਰੂਰੀ ਹੁੰਦਾ ਸੀ।
ਮੈਂ ਆਪਣੇ ਬਚਪਨ ਵਿੱਚ ਆਪਣੀ ਦਾਦੀ ਨੂੰ ਸਦਾ ਸੂਤ ਤਿਆਰ ਕਰਦੇ ਹੀ ਦੇਖਦਾ ਸਾਂ। ਪਹਿਲਾਂ ਖੇਤਾਂ ਵਿੱਚੋਂ ਕਪਾਹ ਚੁਗ ਕੇ ਲਿਆਉਣੀ ਅਤੇ ਫਿਰ ਮੰਡੀਕਰਨ ਤੋਂ ਪਹਿਲਾਂ ਘਰ ਦੀ ਜ਼ਰੂਰਤ ਅਨੁਸਾਰ ਕਪਾਹ ਘਰ ਰੱਖ ਲੈਣੀ ਅਤੇ ਫਿਰ ਔਰਤਾਂ ਨਾਲ ਮਿਲ ਤ੍ਰਿੰਝਣਾਂ ਦੇ ਰੂਪ ਵਿੱਚ ਕਈ ਕਈ ਚਰਖੇ ਡਾਹ ਕੇ ਪੂਣੀਆਂ ਬਣਾਉਣੀਆਂ ਅਤੇ ਫਿਰ ਪੂਣੀਆਂ ਤੋਂ ਸੂਤ ਤਿਆਰ ਕਰਕੇ ਉਨ੍ਹਾਂ ਨੂੰ ਅਟੇਰਨਿਆਂ ਦੀ ਮਦਦ ਨਾਲ ਲੱਛਿਆਂ ਦਾ ਰੂਪ ਦੇ ਕੇ ਸੂਤ ਦੀ ਲੜੀ ਤਿਆਰ ਕਰਨਾ ਹੁੰਦਾ ਸੀ। ਅਟੇਰਨ ਦਾ ਕੰਮ ਬੜਾ ਮਹੱਤਵਪੂਰਨ ਅਤੇ ਸਮੇਂ ਦੀ ਮੰਗ ਕਰਦਾ ਸੀ।
ਅਟੇਰਨਾ ਬਹੁਤ ਹੀ ਛੋਟੀ ਜਿਹੀ ਦੇਸੀ ਹੱਥ ਮਸ਼ੀਨ ਨੂੰ ਕਿਹਾ ਜਾਂਦਾ ਸੀ। ਜਿਸ ਨੂੰ ਹੱਥ ਨਾਲ ਘੁਮਾਉਂਦੇ ਹੋਏ ਸੂਤ ਦੀਆਂ ਲੱਛੀਆਂ ਬਣਾਈਆਂ ਜਾਂਦੀਆਂ ਸਨ ਅਤੇ ਫਿਰ ਇਨ੍ਹਾਂ ਲੱਛੀਆਂ ਨੂੰ ਅੱਟੀਆਂ ਦਾ ਨਾਂ ਦੇ ਕੇ ਇੱਕ ਤਰ੍ਹਾਂ ਦੀ ਲੜੀ ਬਣਾ ਲਈ ਜਾਂਦੀ ਸੀ ਜਿਸ ਨਾਲ ਤਿਆਰ ਕੀਤੇ ਸੂਤ ਦੀ ਸੰਭਾਲ ਹੋ ਜਾਂਦੀ ਸੀ। ਉਹ ਲੜੀਆਂ ਕਿਸੇ ਬੁਣਕਰ (ਜੁਲਾਹੇ) ਨੂੰ ਦੇ ਕੇ ਉਨ੍ਹਾਂ ਦਾ ਖੱਦਰ, ਖੇਸ ਜਾਂ ਚਾਦਰਾਂ ਬਣਵਾ ਲਈਆਂ ਜਾਂਦੀਆਂ ਸਨ। ਉਸੇ ਸੂਤ ਨੂੰ ਹੀ ਔਰਤਾਂ ਦਰੀਆਂ ਬਣਾਉਣ ਲਈ ਵਰਤਦੀਆਂ ਸਨ ਅਤੇ ਕਈ ਵਾਰ ਉਸ ਨੂੰ ਵੱਖ-ਵੱਖ ਰੰਗਾਂ ਵਿੱਚ ਰੰਗ ਕੇ ਬਹੁਤ ਹੀ ਖੂਬਸੂਰਤ ਰੰਗਦਾਰ ਦਰੀਆਂ ਬਣਾਈਆਂ ਜਾਂਦੀਆਂ ਸਨ। ਇਸ ਤਰ੍ਹਾਂ ਅਟੇਰਨ ਦਾ ਕੰਮ ਬਹੁਤ ਹੀ ਸਲੀਕੇ ਭਰਿਆ, ਦਿਲਚਸਪ ਅਤੇ ਮਿਹਨਤ ਭਰਪੂਰ ਹੁੰਦਾ ਸੀ। ਜਦੋਂ ਸਾਡੇ ਘਰ ਦੀਆਂ ਬਾਕੀ ਔਰਤਾਂ ਹੋਰ ਕੰਮਾਂ ਵਿੱਚ ਰੁੱਝੀਆਂ ਹੁੰਦੀਆਂ ਤਾਂ ਦਾਦੀ ਜੀ ਆਪਣੇ ਅਟੇਰਨ ਦੇ ਕੰਮ ਵਿੱਚ ਹੀ ਮਸਤ ਰਹਿੰਦੇ। ਗਰਮੀ ਦੇ ਮਹੀਨਿਆਂ ਵਿੱਚ ਵਿਹੜੇ ਵਿੱਚ ਲੱਗੀ ਨਿੰਮ ਦੇ ਹੇਠਾਂ ਦਾਦੀ ਆਪਣੀ ਪੀੜ੍ਹੀ ਡਾਹ ਬੈਠ ਜਾਂਦੀ ਅਤੇ ਹੌਲੀ-ਹੌਲੀ ਉਸ ਕੋਲ ਹੋਰ ਔਰਤਾਂ ਵੀ ਆ ਬੈਠਦੀਆਂ ਅਤੇ ਚੰਗੀ ਰੌਣਕ ਲੱਗ ਜਾਂਦੀ। ਕਈ ਵਾਰ ਘਰ ਦੀਆਂ ਹੋਰ ਔਰਤਾਂ ਵੀ ਦਾਦੀ ਮਾਂ ਨਾਲ ਹੱਥ ਵਟਾਉਂਦੀਆਂ ਅਤੇ ਦਿਨ ਭਰ ਵਿੱਚ ਚੰਗਾ ਸੂਤ ਤਿਆਰ ਕਰ ਲੈਂਦੀਆਂ। ਦਾਦੀ ਮਾਂ ਦੇ ਕੋਲ ਹੀ ਪਿੰਡ ਦੀਆਂ ਕਈ ਕੁੜੀਆਂ ਰੰਗਦਾਰ ਨਾਲੇ ਬੁਣਨ ਲਈ ਆਪਣੇ ਨਾਲੇ ਬੁਣਨ ਵਾਲੇ ਅੱਡੇ ਲੈ ਕੇ ਆ ਬੈਠਦੀਆਂ। ਦਾਦੀ ਜਿੱਥੇ ਆਪਣੇ ਅਟੇਰਨੇ ਦੇ ਕੰਮ ਵਿੱਚ ਲੱਗੀ ਰਹਿੰਦੀ, ਉੱਥੇ ਉਨ੍ਹਾਂ ਕੁੜੀਆਂ ਦੀ ਨਾਲੇ ਬੁਣਨ ਅਤੇ ਕੱਢ-ਕਢਾਈ ਦੇ ਕੰਮ ਵਿੱਚ ਵੀ ਅਗਵਾਈ ਕਰਦੀ। ਦਾਦੀ ਦਾ ਅਟੇਰਨਾ ਲਗਾਤਾਰ ਚੱਲਦਾ ਰਹਿੰਦਾ। ਇਸੇ ਤਰ੍ਹਾਂ ਸਰਦੀਆਂ ਦੇ ਦਿਨਾਂ ਵਿੱਚ ਦਾਦੀ ਆਪਣੀ ਪੀੜ੍ਹੀ ਕੰਧ ਦੇ ਨਾਲ ਧੁੱਪ ਵਿੱਚ ਡਾਹ ਕੇ ਆਪਣੇ ਸੂਤ ਅਟੇਰਨੇ ਨਾਲ ਆਪਣਾ ਕੰਮ ਸ਼ੁਰੂ ਕਰ ਦਿੰਦੀ। ਦਾਦੀ ਇੱਕ ਤੋਂ ਬਾਅਦ ਦੂਜੀ ਅੱਟੀ ਤਿਆਰ ਕਰਦੀ ਅਤੇ ਫਿਰ ਬੜੇ ਸਲੀਕੇ ਨਾਲ ਉਨ੍ਹਾਂ ਨੂੰ ਇੱਕ ਲੜੀ ਵਿੱਚ ਪਿਰੋਅ ਕੇ ਸੰਭਾਲ ਲੈਂਦੀ।
ਭਾਵੇਂ ਦਾਦੀ ਮਾਂ ਦਾ ਇਹ ਕੰਮ ਘਰ ਦੇ ਕਿਸੇ ਕੰਮ ਵਿੱਚ ਨਹੀਂ ਸੀ ਗਿਣਿਆ ਜਾਂਦਾ, ਪਰ ਉਨ੍ਹਾਂ ਦੀ ਮਿਹਨਤ ਸਦਕਾ ਹੀ ਪੂਰੇ ਪਰਿਵਾਰ ਨੂੰ ਕਦੇ ਵੀ ਖੇਸ, ਦਰੀਆਂ ਅਤੇ ਚਾਦਰਾਂ ਦੀ ਤੋਟ ਨਹੀਂ ਸੀ ਆਉਂਦੀ। ਉਹ ਤਾਂ ਮਹੀਨੇ ਵਿੱਚ ਕਿੰਨਾ ਹੀ ਸੂਤ ਤਿਆਰ ਕਰ ਲੈਂਦੇ ਸਨ ਅਤੇ ਉਸ ਸੂਤ ਨੂੰ ਵਟਾ ਕੇ ਜੁਲਾਹੇ ਪਾਸੋਂ ਚੰਗਾ ਖੱਦਰ, ਖੇਸ ਜਾਂ ਜਿਸ ਕੱਪੜੇ ਦੀ ਵੀ ਘਰ ਵਿੱਚ ਜ਼ਰੂਰਤ ਹੁੰਦੀ ਬਣਵਾ ਲੈਂਦੀ।
ਦਾਦੀ ਜੀ ਵਾਂਗ ਹੋਰ ਔਰਤਾਂ ਵੀ ਇਸ ਤਰ੍ਹਾਂ ਘਰ ਵਿੱਚ ਸੂਤ ਤਿਆਰ ਕਰਦੀਆਂ ਤੇ ਇਸ ਤਰ੍ਹਾਂ ਸੂਤ ਨੂੰ ਕਈ ਰੰਗਾਂ ਵਿੱਚ ਰੰਗ ਕੇ ਘਰ ਦੀਆਂ ਔਰਤਾਂ ਆਪਣੇ ਵਿਹਲੇ ਸਮੇਂ ਦਰੀਆਂ ਬੁਣਨ ਵਿੱਚ ਜੁਟ ਜਾਂਦੀਆਂ। ਕੁੜੀਆਂ ਦੇ ਦਾਜ ਲਈ ਕਈ ਦਰਜਨ ਦਰੀਆਂ ਤਿਆਰ ਕਰ ਲੈਂਦੀਆਂ ਜਿਹੜੀਆਂ ਮਜ਼ਬੂਤ, ਸੁੰਦਰ ਡਿਜ਼ਾਇਨ ਵਾਲੀਆਂ, ਪੱਕੇ ਰੰਗਾਂ ਦੀਆਂ ਬਣੀਆਂ ਕਲਾ ਦਾ ਨਮੂਨਾ ਹੁੰਦੀਆਂ ਸਨ। ਕਈ ਸ਼ਾਨਦਾਰ ਦਰੀਆਂ ਦੀ ਤਾਂ ਪਿੰਡ ਵਿੱਚ ਨੁਮਾਇਸ਼ ਵੀ ਲਗਾਈ ਜਾਂਦੀ। ਘਰ ਆਏ ਮਹਿਮਾਨਾਂ ਵਾਸਤੇ ਇਹ ਸ਼ਾਨਦਾਰ ਦਰੀਆਂ ਬਹੁਤ ਹੀ ਸ਼ੋਭਾ ਦਾ ਕਾਰਨ ਬਣਦੀਆਂ। ਇਸ ਤਰ੍ਹਾਂ ਦਾਦੀ ਸਮੇਤ ਹੋਰ ਔਰਤਾਂ ਦੇ ਕੰਮਾਂ ਦੀ ਭਾਵੇਂ ਬਹੁਤੀ ਅਹਿਮੀਅਤ ਨਹੀਂ ਸੀ, ਪਰ ਉਹ ਸਾਨੂੰ ਪੰਜਾਬੀ ਸੱਭਿਆਚਾਰ ਦੇ ਅਟੁੱਟ ਵਿਰਸੇ ਨਾਲ ਜੋੜ ਕੇ ਰੱਖਦੀਆਂ ਸਨ।
ਸੰਪਰਕ: 98764-52223