ਵਿੱਕੀ ਬਟਾਲਾ
ਇਟਲੀ, 16 ਮਈ
ਰਮਜ਼ਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦੇ 30 ਦਿਨ ਲਗਾਤਾਰ ਰੋਜ਼ੇ ਰੱਖਣ ਤੇ ਇਬਾਦਤ ਕਰਨ ਦੀ ਖ਼ੁਸ਼ੀ ਵਿੱਚ ਇਟਲੀ ਦੇ ਸ਼ਹਿਰ ਮੋਦਨਾ ਨੇੜੇ ਪੈਂਦੇ ਕਸਬਾ ਕਸਤਲਫੈਰੰਕੋ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ-ਉਲ-ਫਿਤਰ ਮਨਾਈ। ਕਰੋਨਾ ਮਹਾਮਾਰੀ ਕਾਰਨ ਬਹੁਤੇ ਲੋਕਾਂ ਨੇ ਘਰਾਂ ਵਿੱਚ ਰਹਿ ਕੇ ਸਾਦੇ ਢੰਗ ਨਾਲ ਹੀ ਈਦ ਮਨਾਈ ਤੇ ਕਰੋਨਾ ਮਹਾਮਾਰੀ ਤੋਂ ਜਲਦ ਛੁਟਕਾਰੇ ਲਈ ਅੱਲ੍ਹਾ ਅੱਗੇ ਦੁਆਵਾਂ ਕੀਤੀਆਂ। ਇਸ ਮੌਕੇ ਹਿੰਦੂ ਤੇ ਸਿੱਖਾਂ ਨੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਈਦ-ਉਲ-ਫਿਤਰ ਦੀਆਂ ਮੁਬਾਰਕਾਂ ਦਿੱਤੀਆਂ। ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸਤਲਫੈਰੰਕੋ ਨੇੜੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਦੀ ਨਮਾਜ਼ ਪੜ੍ਹੀ। ਇਸ ਮੌਕੇ ਸੇਵਕ ਜਥਾ ਮੋਦਨਾ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸਤਲਫੈਰੰਕੋ ਵੱਲੋਂ ਫ਼ਲਾਂ ਦਾ ਲੰਗਰ ਵਰਤਾਇਆ ਗਿਆ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।