ਨਵੀਂ ਦਿੱਲੀ, 7 ਅਕਤੂਬਰ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਨੇ 24 ਫ਼ਰਜ਼ੀ ’ਵਰਸਿਟੀਆਂ ਦੀ ਸੂਚੀ ਜਾਰੀ ਕੀਤੀ ਹੈ। ਸਭ ਤੋਂ ਵੱਧ ਜਾਅਲੀ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਤੇ ਇਸ ਤੋਂ ਬਾਅਦ ਦਿੱਲੀ ਵਿਚ ਹਨ। ਕਮਿਸ਼ਨ ਨੇ ਕਿਹਾ ਕਿ ਇਨ੍ਹਾਂ ਨੂੰ ਮਾਨਤਾ ਹਾਸਲ ਨਹੀਂ ਹੈ ਤੇ ਇਹ ਮਨਮਰਜ਼ੀ ਨਾਲ ਚਲਾਈਆਂ ਜਾ ਰਹੀਆਂ ਹਨ। ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ ਕਿ ਇਹ ਯੂਨੀਵਰਸਿਟੀਆਂ ਕੋਈ ਵੀ ਡਿਗਰੀ ਦੇਣ ਦੀ ਮਨਜ਼ੂਰੀ ਨਹੀਂ ਰੱਖਦੀਆਂ। ਅੱਠ ਜਾਅਲੀ ਯੂਨੀਵਰਸਿਟੀਆਂ ਉੱਤਰ ਪ੍ਰਦੇਸ਼ ਵਿਚ ਹਨ, ਦਿੱਲੀ ਵਿਚ ਸੱਤ ਤੇ ਉੜੀਸਾ ਅਤੇ ਬੰਗਾਲ ਵਿਚ ਦੋ-ਦੋ ਫ਼ਰਜ਼ੀ ਯੂਨੀਵਰਸਿਟੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਕਰਨਾਟਕ, ਕੇਰਲਾ, ਮਹਾਰਾਸ਼ਟਰ, ਪੁੱਡੂਚੇਰੀ ਵਿਚ ਵੀ ਇਕ-ਇਕ ਗ਼ੈਰ-ਮਾਨਤਾ ਪ੍ਰਾਪਤ ਯੂਨੀਵਰਸਿਟੀ ਹੈ। ਯੁੂਪੀ ਵਿਚ ਚੱਲ ਰਹੀਆਂ ਅਜਿਹੀ ਯੂਨੀਵਰਸਿਟੀਆਂ ’ਚ- ਵਾਰਾਨਸਿਆ ਸੰਸਕ੍ਰਿਤ ਵਿਸ਼ਵਵਿਦਿਆਲਿਆ, ਮਹਿਲਾ ਗ੍ਰਾਮ ਵਿਦਿਆਪੀਠ, ਗਾਂਧੀ ਹਿੰਦੀ ਵਿਦਿਆਪੀਠ, ਨੈਸ਼ਨਲ ’ਵਰਸਿਟੀ ਆਫ਼ ਇਲੈਕਟਰੋ ਕੰਪਲੈਕਸ ਹੋਮੀਓਪੈਥੀ, ਨੇਤਾਜੀ ਸੁਭਾਸ਼ ਚੰਦਰ ਓਪਨ ਯੂਨੀਵਰਿਸਟੀ, ਉੱਤਰ ਪ੍ਰਦੇਸ਼ ਵਿਸ਼ਵਵਿਦਿਆਲਿਆ, ਮਹਾਰਾਣਾ ਪ੍ਰਤਾਪ ਸ਼ਿਕਸ਼ਾ ਨਿਕੇਤਨ ਵਿਸ਼ਵਵਿਦਿਆਲਿਆ, ਇੰਦਰਪ੍ਰਸਥ ਸ਼ਿਕਸ਼ਾ ਪ੍ਰੀਸ਼ਦ ਸ਼ੁਮਾਰ ਹਨ। ਦਿੱਲੀ ਵਿਚ ਕਮਰਸ਼ੀਅਲ ਯੂਨੀਵਰਸਿਟੀ ਲਿਮਿਟਡ, ਯੂਨਾਈਟਿਡ ਨੇਸ਼ਨਜ਼ ਯੂਨੀਵਰਸਿਟੀ, ਵੋਕੇਸ਼ਨਲ ’ਵਰਸਿਟੀ, ਏਡੀਆਰ ਸੈਂਟਰਿਕ ਜੁਡੀਸ਼ੀਅਲ ’ਵਰਸਿਟੀ, ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਂਡ ਇੰਜਨੀਅਰਿੰਗ, ਵਿਸ਼ਵਕਰਮਾ ਓਪਨ ਯੂਨੀਵਰਸਿਟੀ ਦੇ ਨਾਂ ਹੇਠ ਗ਼ੈਰ-ਮਾਨਤਾ ਪ੍ਰਾਪਤ ਸੰਸਥਾਵਾਂ ਚੱਲ ਰਹੀਆਂ ਹਨ। -ਪੀਟੀਆਈ