ਪੱਤਰ ਪ੍ਰੇਰਕ
ਸਮਰਾਲਾ, 10 ਜੂਨ
ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ, ਇਕਾਈ ਸਮਰਾਲਾ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਤੇ ਜਨਰਲ ਸਕੱਤਰ ਦੇਵੀ ਦਾਸ ਮਿਆਣੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸਮਰਾਲਾ ਤਹਿਸੀਲ ਦੇ ਵੱਖ ਵੱਖ ਪਿੰਡਾਂ ਦੇ ਚੌਕੀਦਾਰਾਂ ਨੇ ਭਾਗ ਲਿਆ ਅਤੇ ਮੀਟਿੰਗ ਵਿੱਚ ਪੇਂਡੂ ਚੌਕੀਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਚਰਚਾ ਕੀਤੀ ਗਈ। ਇਸ ਸਬੰਧੀ ਮਤਾ ਪਾਸ ਕੀਤਾ ਗਿਆ ਕਿ ਕੋਵਿਡ-19 ਵਿੱਚ ਜਿੰਨਾ ਚਿਰ ਪੇਂਡੂ ਚੌਕੀਦਾਰਾਂ ਨੂੰ 50 ਲੱਖ ਬੀਮਾ ਤੇ ਵਿਸ਼ੇਸ਼ ਭੱਤਾ ਨਹੀਂ ਦਿੱਤਾ ਜਾਂਦਾ, ਪਿਛਲੇ ਸਮੇਂ ਤੋਂ ਲਟਕਦੀਆਂ ਜਾਇਜ਼ ਮੰਗਾਂ ਪੰਜਾਬ ਸਰਕਾਰ ਨਹੀਂ ਮੰਨਦੀ, ਉਦੋਂ ਤੱਕ ਪੰਜਾਬ ਦੇ ਸਾਰੇ ਪਿੰਡਾਂ ਦੇ ਚੌਕੀਦਾਰ ਆਪੋ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰਾ ਨਹੀਂ ਦੇਣਗੇ। ਇਸ ਸਬੰਧੀ ਜੇਕਰ ਕਿਸੇ ਅਧਿਕਾਰੀ ਜਾਂ ਪੁਲੀਸ ਵੱਲੋਂ ਦਬਾਅ ਪਾਇਆ ਗਿਆ ਤਾਂ ਵਿਰੋਧ ਵਿੱਚ ਸੰਘਰਸ਼ ਕੀਤਾ ਜਾਵੇਗਾ।