ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ
ਇੱਥੋਂ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਕੁਰਸੀਆਂ ਛੱਡ ਕੇ ਹਾਲ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਇੱਕ ਸਿਆਸੀ ਆਗੂ ਖ਼ਿਲਾਫ਼ ਡਿਊਟੀ ’ਤੇ ਤਾਇਨਾਤ ਕਰਮਚਾਰੀ ਨਾਲ ਬਦਸਲੂਕੀ ਕਰਨ ਅਤੇ ਗਾਲੀ ਗਲੋਚ ਕਰਨ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਕੀਤੀ|
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਸਲਾ ਸ਼ਾਖਾ ਦੇ ਕਰਮਚਾਰੀ ਪੁਸ਼ਪਿੰਦਰ ਸਿੰਘ ਅਤੇ ਰਾਜੇਸ਼ ਕੁਮਾਰ ਆਪਣੀ ਸੀਟ ’ਤੇ ਕੰਮ ਕਰ ਰਹੇ ਸਨ ਕਿ ਸਿਆਸੀ ਆਗੂ ਜੋ ਕਿਸੇ ਸਮੇਂ ਕੈਂਪਟਨ ਅਮਰਿੰਦਰ ਸਿੰਘ ਦਾ ਨਜ਼ਦੀਕੀ ਰਿਹਾ ਹੈ, ਨੇ ਆਪਣੇ ਅਸਲਾ ਲਾਇਸੈਂਸ ਦਾ ਕੰਮ ਨਾ ਕਰਨ ’ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਕਥਿਤ ਤੌਰ ’ਤੇ ਗਾਲੀ-ਗਲੋਚ ਕੀਤਾ| ਇਥੋਂ ਤੱਕ ਕਿ ਦਫ਼ਤਰੀ ਕਾਗਜ਼ ਤੇ ਫਾਈਲ ਵੀ ਖੋਹ ਲਈ| ਯੂਨੀਅਨ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਸ ਆਗੂ ਖ਼ਿਲਾਫ਼ ਪੁਲੀਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ| ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੰਜ ਸਤੰਬਰ ਤੱਕ ਕੇਸ ਦਰਜ ਨਾ ਹੋਇਆ ਤਾਂ ਉਹ ਕਲਮਛੋੜ ਹੜਤਾਲ ਲਈ ਮਜਬੂਰ ਹੋਣਗੇ|
ਇਸ ਮੌਕੇ ਸੁਰਿੰਦਰ ਕੁਮਾਰ, ਕੁਲਦੀਪ ਸਿੰਘ, ਜਗਤਾਰ ਸਿੰਘ, ਰਾਜੇਸ਼ ਕਪੂਰ, ਸਤੀਸ਼ ਕੁਮਾਰ, ਜਗਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਦੀਪਕ ਕੁਮਾਰ, ਰਣਜੀਤ ਸਿੰਘ ਮੌਜੂਦ ਸਨ|
ਮਾੜਾ ਵਿਹਾਰ ਕਰਨ ਵਾਲੇ ਖ਼ਿਲਾਫ਼ ਕਾਰਵਾਈ ਹੋਵੇਗੀ: ਡੀਸੀ
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਫ਼ਤਰ ਦੀ ਕਰਮਚਾਰੀ ਯੂਨੀਅਨ ਦੀ ਸ਼ਿਕਾਇਤ ’ਤੇ ਸਖ਼ਤ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਦੱਸਿਆ ਕਿ ਸਰਕਾਰੀ ਕਰਮਚਾਰੀ ਨਾਲ ਅਭੱਦਰ ਵਿਵਹਾਰ ਕਰਨਾ ਮਾੜੀ ਗੱਲ ਹੈ| ਅਜਿਹੀ ਕਾਰਵਾਈ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ|