ਮੁੰਬਈ, 9 ਨਵੰਬਰ
ਬੰਬਈ ਹਾਈ ਕੋਰਟ ਨੇ ਇੰਟੀਰੀਅਰ ਡਿਜ਼ਾਈਨਰ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਅਤੇ ਦੋ ਹੋਰਨਾਂ ਵਿਅਕਤੀਆਂ ਨੂੰ ਅੱਜ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਐਸ ਐਸ ਸ਼ਿੰਦੇ ਅਤੇ ਜਸਟਿਸ ਐਮ ਐਸ ਕਾਰਣਿਕ ਦੀ ਬੈਂਚ ਨੇ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਹਾਈ ਕੋਰਨ ਵੱਲੋਂ ਅਸਧਾਰਨ ਅਧਿਕਾਰ ਖੇਤਰ ਦੀ ਵਰਤੋਂ ਕੀਤੇ ਜਾਣ ਦਾ ਕੋਈ ਮਾਮਲਾ ਨਹੀਂ ਬਣਦਾ ਹੈ। ਅਦਾਲਤ ਨੇ ਆਪਣੀ ਟਿਪਣੀ ਵਿੱਚ ਕਿਹਾ ਕਿ ਗੋਸਵਾਮੀ ਕੋਲ ਕਾਨੂੰਨ ਤਹਿਤ ਰਾਹਤ ਹਾਸਲ ਕਰਨ ਦਾ ਉਪਾਅ ਹੈ ਅਤੇ ਉਹ ਸੰਬਧਤ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਸਕਦਾ ਹੈ। ਇਸ ਤੋਂ ਬਾਅਦ ਅਰਨਬ ਦੇ ਵਕੀਲਾਂ ਨੇ ਅਲੀਬਾਗ ਸੈਸ਼ਨ ਕੋਰਟ ਵਿੱਚ ਅੰਤਰਿਮ ਜ਼ਮਾਨਤ ਦੀ ਅਪੀਲ ਦਾਖਲ ਕੀਤੀ। ਸੈਸ਼ਨ ਕੋਰਟ ਅਰਨਬ ਨੂੰ ਕਸਟਡੀ ਵਿੱਚ ਲੈਣ ਦੀ ਅਲੀਬਾਗ ਪੁਲੀਸ ਵੱਲੋਂ ਦਾਖਲ ਨਜ਼ਰਸਾਨੀ ਅਪੀਲ ’ਤੇ ਸੁਣਵਾਈ ਕਰ ਰਹੀ ਹੈ। ਅਰਨਬ ਦੇ ਵਕੀਲ ਗੌਰਵ ਪਾਰਕਰ ਨੇ ਕਿਹਾ ਕਿ ਉਨ੍ਹਾਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਦਿੱਤੀ ਹੈ। ਗੋਸਵਾਮੀ ਤੇ ਦੋ ਹੋਰਨਾਂ ਨੂੰ ਅਲੀ ਬਾਗ ਪੁਲੀਸ ਨੇ 4 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।