ਮੁੰਬਈ, 16 ਮਈ
ਅਦਾਕਾਰਾ ਸ਼ਿਲਪਾ ਸ਼ੈਟੀ ਨੇ ਅੱਜ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਕਰੋਨਾ ਦੇ ਇਸ ਦੌਰ ਵਿੱਚ ਕਿੰਨਾ ਪਿਆਰ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਦੇ ਪਰਿਵਾਰ ਦੀ ਪਿਛਲੇ ਹਫ਼ਤੇ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਸ਼ਿਲਪਾ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ, ਜਿਸ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਅਦਾਕਾਰਾ ਆਪਣੇ ਘਰ ਦੇ ਅੰਦਰ ਤੇ ਉਸ ਦਾ ਪਤੀ ਰਾਜ ਘਰ ਦੇ ਬਾਹਰ ਖੜ੍ਹਾ ਨਜ਼ਰ ਆਉਂਦਾ ਹੈ। ਉਹ ਦੋਵੇਂ ਇਕ-ਦੂਜੇ ਵੱਲ ਦੇਖ ਰਹੇ ਹਨ ਤੇ ਉਨ੍ਹਾਂ ਦੇ ਵਿਚਾਲੇ ਕੱਚ ਦੀ ਦੀਵਾਰ ਹੈ। ਸ਼ਿਲਪਾ ਨੇ ਤਸਵੀਰ ਦੀ ਕੈਪਸ਼ਨ ਵਿਚ ਲਿਖਿਆ,‘‘ਕਰੋਨਾ ਦੇ ਦੌਰ ਵਿਚ ਪਿਆਰ! ਕਰੋਨਾ ਪਿਆਰ ਹੈ…ਲਗਪਗ ਹੋ ਗਿਆ! ਤੁਹਾਡੀਆਂ ਦੁਆਵਾਂ, ਚਿੰਤਾ ਤੇ ਅਰਦਾਸ ਲਈ ਸ਼ੁਕਰੀਆ।’’ ਲੰਘੀ ਸੱਤ ਮਈ ਨੂੰ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਆਖਿਆ ਸੀ ਕਿ ਉਸ ਦਾ ਪਤੀ ਰਾਜ ਕੁੰਦਰਾ, ਬੱਚੇ ਸਮੀਸ਼ਾ ਤੇ ਵਿਆਨ ਅਤੇ ਉਸ ਦੀ ਮਾਂ ਸੁਨੰਦਾ ਅਤੇ ਸੱਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਅਨੁਸਾਰ ਸ਼ਿਲਪਾ ਦੀਆਂ ਦੋ ਫ਼ਿਲਮਾਂ ਆਉਣ ਵਾਲੀਆਂ ਹਨ। ਉਹ ਸਾਲ 2003 ਵਿੱਚ ਆਈ ਹਿਟ ਫ਼ਿਲਮ ‘ਹੰਗਾਮਾ’ ਦੇ ਅਗਲੇ ਭਾਗ ‘ਹੰਗਾਮਾ 2’ ਵਿਚ ਨਜ਼ਰ ਆਏਗੀ। ਇਸ ਤੋਂ ਇਲਾਵਾ ਅਦਾਕਾਰਾ ਫ਼ਿਲਮ ‘ਨਿਕੰਮਾ’ ਵਿਚ ਅਭਿਮੰਨਿਊ ਦਾਸਾਨੀ ਤੇ ਸ਼ਰਲੇ ਸੇਤੀਆ ਨਾਲ ਦਿਖਾਈ ਦੇਵੇਗੀ। -ਆਈਏਐੱਨਐੱਸ