ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਪਰੈਲ
ਮਾਲਵਾ ਪੱਟੀ ਵਿਚ ਅੱਜ ਬਾਅਦ ਦੁਪਹਿਰ ਪਏ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਖੇਤਾਂ ਵਿਚ ਪਹਿਲਾਂ ਪਏ ਮੀਂਹ ਨੇ ਕਣਕ ਨੂੰ ਸਲਾਬੀ ਕਰ ਦਿੱਤਾ ਸੀ ਅਤੇ ਅੱਜ ਹੀ ਕੰਮ ਚਲਿਆ ਸੀ, ਜਦੋਂ ਕਿ ਕਿਸਾਨਾਂ ਵੱਲੋਂ ਕਾਹਲੀ ਵਿਚ ਕੱਢ ਕੇ ਵੇਚਣ ਲਈ ਮੰਡੀ ਲਿਆਂਦੀ ਕਣਕ ਮੀਂਹ ਵਿਚ ਭਿੱਜ ਗਈ, ਜਿਸ ਨੂੰ ਜਿਣਸ ਦੀ ਰਾਖੀ ਬੈਠੇ ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਬਚਾਇਆ।
ਮੀਂਹ ਨਾਲ ਖੇਤਾਂ ਵਿਚ ਚੱਲਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਇਸ ਵੇਲੇ ਕਿਸਾਨ ਕਣਕ ਦੀ ਵਾਢੀ ਵਿਚ ਵੀ ਰੁੱਝੇ ਹੋਏ ਹਨ, ਜਦੋਂ ਕਿ ਤੂੜੀ ਦੇ ਕੜਾਪੇ ਕਾਰਨ ਹੱਥੀ ਵੱਢੀ ਕਣਕ ਨੂੰ ਹੜੰਬਿਆਂ ਨਾਲ ਕੱਢਣ ਦਾ ਕਾਰਜ ਬੰਦ ਹੋ ਗਿਆ ਹੈ ਅਤੇ ਖੇਤਾਂ ਵਿਚ ਚੱਲਦੀਆਂ ਕੰਬਾਈਨਾਂ ਸਲਾਬੀ ਕਣਕ ਨੂੰ ਕੱਢਣ ਤੋਂ ਦੋ-ਤਿੰਨ ਦਿਨਾਂ ਲਈ ਹੱਥ ਖੜ੍ਹੇ ਕਰ ਗਈਆਂ ਹਨ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਅੱਜ ਕਣਕ ਦੀ ਕੋਈ ਵੀ ਢੇਰੀ ਨਹੀਂ ਖਰੀਦੀ ਗਈ। ਮੰਡੀ ’ਚ ਕਣਕ ਲੈ ਕੇ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮੌਸਮ ਖੁੱਲ੍ਹੇ ਤੋਂ ਹੀ ਵਿਕਣ ਲਈ ਜਿਣਸ ਲਿਆਏ ਹਨ, ਪਰ ਅਚਨਚੇਤ ਆਏ ਮੀਂਹ ਨੇ ਢੇਰੀਆਂ ਨੂੰ ਢਾਹ ਲਿਆ ਹੈ। ਮਾਨਸਾ ਨੇੜਲੀਆਂ ਮੰਡੀਆਂ ਵਿਚੋਂ ਮਿਲੇ ਵੇਰਵਿਆਂ ਮੁਤਾਬਕ ਮੀਂਹ ਕਾਰਨ ਮੰਡੀਆਂ ਵਿਚ ਵਿਕਣ ਲਈ ਆਈ ਕਣਕ ਭਿੱਜ ਗਈ ਹੈ, ਜਿਸ ਕਾਰਨ ਕਣਕ ਦੀ ਤੁਲਾਈ ਰੁਕ ਗਈ ਹੈ। ਮੰਡੀਆਂ ਵਿਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਮੰਡੀਆਂ ਵਿਚ ਕਣਕ ਨੂੰ ਢਕਣ ਲਈ ਮੰਡੀਕਰਨ ਬੋਰਡ ਅਤੇ ਆੜ੍ਹਤੀਆਂ ਵੱਲੋਂ ਤਰਪਾਲਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦਾ ਇਹ ਭਾਰੀ ਨੁਕਸਾਨ ਹੋਇਆ ਹੈ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਅੱਜ ਪਏ ਮੀਂਹ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਕਣਕ ਦੀ ਫ਼ਸਲ ਬਚਾਉਣ ਲਈ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ, ਜਦਕਿ ਅੰਨਦਾਤੇ ਤੇ ਆੜ੍ਹਤੀਆਂ ਆਪਣੇ ਵਲੋਂ ਹੀ ਸੰਭਾਲੀ।
ਬਰਸਾਤ ਨੇ ਕਿਸਾਨਾਂ ਲਈ ਖੜੀਆਂ ਕੀਤੀਆਂ ਮੁਸ਼ਕਲਾਂ
ਜਲਾਲਾਬਾਦ(ਚੰਦਰ ਪ੍ਰਕਾਸ਼ ਕਾਲੜਾ): ਹਲਕੇ ਅੰਦਰ ਬਾਅਦ ਦੁਪਹਿਰ ਹੋਈ ਬਰਸਾਤ ਨੇ ਕਿਸਾਨਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਬਰਸਾਤ ਕਰ ਕੇ ਜਿੱਥੇ ਕਣਕ ਦੀ ਵਾਢੀ ਤੇ ਨਾੜ ਤੋਂ ਤੂੜੀ ਬਨਾਉਣ ਦਾ ਕੰਮ ਰੁਕ ਗਿਆ, ਉਥੇ ਅਨਾਜ ਮੰਡੀਆਂ ’ਚ ਬੈਠੇ ਕਿਸਾਨਾਂ ਨੂੰ ਤਿਰਪੈਲਾਂ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਿਸਾਨਾਂ ਨੇ ਦੱਸਿਆ ਕਿ ਬਾਰਦਾਨੇ ਦੀ ਘਾਟ ਕਰ ਕੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਖਰੀਦ ਪਾਸੋਂ ਪਾਸਾ ਵੱਟ ਜਾਂਦੇ ਹਨ।
ਮੀਂਹ ਕਾਰਨ ਮੰਡੀਆਂ ਵਿਚ ਪਈ ਕਣਕ ਭਿੱਜੀ
ਬਠਿੰਡਾ(ਮਨੋਜ ਸ਼ਰਮਾ): ਮੌਸਮ ਦੇ ਅੱਜ ਦੁਪਹਿਰੇ ਅਚਾਨਕ ਬਦਲੇ ਮਿਜ਼ਾਜ ਨੇ ਇੱਕ ਵਾਰ ਫੇਰ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਦੁਪਹਿਰ ਵੇਲੇ ਹੋਈ ਹਲਕੀ ਬਾਰਸ਼ ਨਾਲ ਜਿੱਥੇ ਮੌਸਮ ਵਿੱਚ ਠੰਢਕ ਮਹਿਸੂਸ ਕੀਤੀ ਗਈ, ਉੱਥੇ ਜਿਣਸ ਕੇਂਦਰਾਂ ਵਿਚ ਖੁੱਲ੍ਹੇ ਅਸਮਾਨ ਹੇਠ ਕਣਕ ਭਿੱਜ ਗਈ ਅਤੇ ਕਿਸਾਨਾਂ ਨੂੰ ਤਰਪਾਲਾਂ ਦਾ ਪ੍ਰਬੰਧ ਕਰਨਾ ਪਿਆ। ਕਈ ਦਿਨਾਂ ਤੋਂ ਬਾਰਦਾਨੇ ਦੀ ਘਾਟ ਕਰ ਕੇ ਬੋਲੀ ਦੀ ਉਡੀਕ ਵਿਚ ਬੈਠੇ ਕਿਸਾਨਾਂ ਦੀਆਂ ਉਮੀਦਾਂ ’ਤੇ ਮੀਂਹ ਨੇ ਪਾਣੀ ਫੇਰ ਦਿੱਤਾ। ਜ਼ਿਲ੍ਹੇ ਦੀਆਂ ਬਹੁਤੀਆਂ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਨੇ ਆਪਣਾ ਕੰਮ ਰੋਕ ਦਿੱਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਨੇ ਆਉਣ ਵਾਲੇ ਦਿਨਾਂ ਵਿਚ ਗਰਜ ਤੇ ਚਮਕ ਨਾਲ ਛਿੱਟੇ ਪੈਣ ਦੀ ਪੇਸ਼ੀਨਗੋਈ ਕੀਤੀ ਹੈ।