ਚੰਡੀਗੜ੍ਹ: ਸੁਚੇਤਕ ਰੰਗਮੰਚ, ਮੁਹਾਲੀ ਦੁਆਰਾ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਨਾਟਕ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ’ ਦਾ ਮੰਚਨ ਅਨੀਤਾ ਸ਼ਬਦੀਸ਼ ਦੇ ਨਿਰਦੇਸ਼ਨ ਹੇਠ ਕੀਤਾ ਗਿਆ। ਨਾਟਕ ਰਾਹੀਂ ਉਨ੍ਹਾਂ ਦਸਤਾਵੇਜ਼ੀ ਤੱਥਾਂ ਨੂੰ ਨਾਟਕੀਅਤਾ ਸਹਿਤ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਭਾਰਤੀ ਕ੍ਰਾਂਤੀਕਾਰੀ ਊਧਮ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾਏ ਜਾਣ ਵੇਲੇ ਤੋਂ ਸੌ ਸਾਲਾਂ ਤੱਕ ਜਨਤਕ ਨਾ ਕਰਨ ਦਾ ਹੁਕਮ ਵੀ ਸੁਣਾਇਆ ਸੀ। ਸ਼ਬਦੀਸ਼ ਰਚਿਤ ਸਕ੍ਰਿਪਟ ਇਤਿਹਾਸਕਾਰ ਡਾ. ਨਵਤੇਜ ਸਿੰਘ ਵੱਲੋਂ ਤਿਆਰ ਕੀਤੀ ਪੁਸਤਕ ’ਤੇ ਆਧਾਰਤ ਸੀ ਤੇ ਇਸ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨਾਲ ਜੁੜੀਆਂ ਘਟਨਾਵਾਂ ਜੋੜ ਕੇ ਇਸ ਨਾਟਕ ਦਾ ਸਜੀਵ ਮੰਚਨ ਕੀਤਾ ਗਿਆ। -ਸਾਹਿਤ ਪ੍ਰਤੀਨਿਧ