ਪੱਤਰ ਪ੍ਰੇਰਕ
ਪੰਚਕੂਲਾ, 15 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਨਤਾ ਦਰਬਾਰ ਲਗਾਇਆ। ਇਸ ਮੌਕੇ ਉਨ੍ਹਾਂ ਨੇ ਸੂਬੇ ਭਰ ਤੋਂ ਆਏ ਨਾਗਰਿਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਗਰੀਬ ਦੀ ਭਲਾਈ ਕਰਨਾ ਹੀ ਸਾਡਾ ਮੁੱਖ ਟੀਚਾ ਹੈ। ਜਨਤਾ ਦਰਬਾਰ ’ਚ ਘੁਮੰਤੂ ਜਾਤੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਥਾਈ ਨਿਵਾਸ ਦਿੱਤੇ ਜਾਣ। ਇਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ 31 ਮਾਰਚ 2000 ਤੱਕ ਜਿਸ ਜ਼ਮੀਨ ’ਤੇ ਘੁਮੰਤੂ ਜਾਤੀ ਦੇ ਲੋਕਾਂ ਨੂੰ ਰਹਿੰਦੇ ਹੋਏ 20 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਮਾਣ ਪੱਤਰ ਮੌਜੂਦ ਹੈ, ਉਨ੍ਹਾਂ ਨੂੰ 200 ਗਜ਼ ਤੱਕ ਦੀ ਜ਼ਮੀਨ ਕੁਝ ਭੁਗਤਾਨ ਲੈ ਕੇ ਦੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਰਿਵਾਰ ਪਛਾਣ ਪੱਤਰ ਰਾਹੀਂ ਚੋਣ ਕੀਤੇ ਘੁਮੰਤੂ ਜਾਤੀ ਦੇ ਲੋਕਾਂ, ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਨੂੰ ਹਾਊਸਿੰਗ ਫਾਰ ਆਲ ਵਿਭਾਗ ਰਾਹੀਂ ਵੀ ਘਰ ਦਿੱਤੇ ਜਾਣਗੇ।