ਰਾਜਿੰਦਰ ਵਰਮਾ
ਭਦੌੜ 21 ਅਗਸਤ
ਇੱਥੇ ਨੈਣੇਵਾਲ ਰੋਡ ’ਤੇ ਸਥਿਤ ਦਾਣਾ ਮੰਡੀ ਵਿੱਚ ਪੈ ਰਹੇ ਗੰਦੇ ਪਾਣੀ ਕਾਰਨ ਫੜ੍ਹ ਦਾ ਇੱਕ ਪਾਸਾ ਛੱਪੜ ਦਾ ਰੂਪ ਧਾਰਨ ਕਰਨ ਕਰਕੇ ਦੁਕਾਨਦਾਰਾਂ ਲਈ ਮੁਸ਼ਕਲ ਖੜ੍ਹੀ ਹੋ ਗਈ ਹੈ।
ਵਿਸ਼ਾਲ ਟਰੇਡਿੰਗ ਕੰਪਨੀ ਦੇ ਮਾਲਕ ਵਿਸ਼ਾਲ ਗਰਗ ਨੇ ਦੱਸਿਆ ਕਿ ਉਸ ਦੀ ਇੱਥੇ ਦੁਕਾਨ ਹੈ, ਨੈਣੇਵਾਲ ਰੋਡ ਦੇ ਸਾਹਮਣੇ ਵਾਲੀਆਂ ਨਾਲੀਆਂ ਦਾ ਪਾਣੀ ਇੱਥੇ ਲਗਾਤਾਰ ਪੈ ਰਿਹਾ ਹੈ, ਜਿਸ ਕਾਰਨ ਮੰਡੀ ਦਾ ਫੜ੍ਹ ਛੱਪੜ ਬਣ ਗਿਆ ਹੈ। ਇਸ ਸਬੰਧੀ ਸੈਕਟਰੀ ਨੂੰ ਵੀ ਕਈ ਵਾਰ ਕਿਹਾ ਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ, ਜਿਸ ਕਾਰਨ ਦੁਕਾਨਦਾਰਾਂ ਨੂੰ ਇੱਥੇ ਮੁਸ਼ਕਲਾਂ ਨਾਲ ਦਾ ਸਾਹਮਣਾ ਕਰਨਾ ਪੈ ਰਿਹ ਹੈ।
ਦੂਜੇ ਪਾਸੇ ਮਾਰਕੀਟ ਕਮੇਟੀ ਭਦੌੜ ਦੇ ਸੈਕਟਰੀ ਸੁਖਚੈਨ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਨੂੰ ਇਸ ਬਾਰੇ ਲਿਖਤੀ ਦਰਖਾਸਤ ਦਿੱਤੀ ਜਾ ਚੁੱਕੀ ਹੈ।
ਮਾਰਕੀਟ ਕਮੇਟੀ ਦੇ ਚੇਅਰਮੈਨ ਅਜੈ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਪੱਤੀ ਵੀਰ ਸਿੰਘ ਦੀ ਪੰਚਾਇਤ ਦੇ ਕੁੱਝ ਹਿੱਸੇ ਦਾ ਪਾਣੀ ਗ਼ੈਰਕਾਨੂੰਨ ਢੰਗ ਨਾਲ ਸੜਕ ਥੱਲੇ ਦੀ ਪਾਈਪ ਦੱਬ ਕੇ ਅਕਾਲੀ ਸਰਕਾਰ ਸਮੇਂ ਤੋਂ ਹੀ ਪਾਇਆ ਜਾ ਰਿਹਾ ਹੈ। ਇਸ ਬਾਰੇ ਉਨ੍ਹਾਂ ਨੂੰ ਦੋ ਦਿਨ ਪਹਿਲਾ ਹੀ ਪਤਾ ਲੱਗਾ ਹੈ, ਜੋ ਹੁਣ ਬੰਦ ਕੀਤਾ ਜਾ ਰਿਹਾ ਹੈ।