ਮਹਿੰਗਾਈ
ਮਾਰਚ ਵਿਚ ਪ੍ਰਚੂਨ ਮਹਿੰਗਾਈ ਦਰ 6.95% ਤੱਕ ਵਧਣੀ ਆਮ ਲੋਕਾਂ ਅਤੇ ਆਰਬੀਆਈ ਦੋਵਾਂ ਲਈ ਚਿੰਤਾ ਦਾ ਕਾਰਨ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਆਮ ਆਦਮੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਹਰ ਵਸਤ ਮਹਿੰਗਾਈ ਦੀ ਮਾਰ ਹੇਠ ਹੈ। ਇੱਕ ਪਾਸੇ ਆਮ ਆਦਮੀ ਮਹਿੰਗਾਈ ਦੀ ਮਾਰ ਹੇਠ ਆ ਰਿਹਾ ਹੈ, ਪਾਸੇ ਦੇਸ਼ ਵਿਚ ਹਰ ਪਾਸੇ ਹਿੰਦੂ-ਮੁਸਲਿਮ ਘਟਨਾਵਾਂ ਵਧ ਰਹੀਆਂ ਹਨ। ਇਨ੍ਹਾਂ ਮੁੱਦਿਆਂ ਨੇ ਮੁਲਕ ਦੀਆਂ ਵੱਡੀਆਂ ਸਮੱਸਿਆਵਾਂ- ਬੇਰੁਜ਼ਗਾਰੀ, ਮਹਿੰਗਾਈ, ਗਰੀਬੀ ਆਦਿ ਨੂੰ ਪਾਸੇ ਕਰ ਦਿੱਤਾ ਹੈ। ਕੋਈ ਵੀ ਨੌਜਵਾਨਾਂ ਦੀ ਗੱਲ ਨਹੀਂ ਕਰ ਰਿਹਾ ਜੋ ਸਾਲਾਂ ਤੋਂ ਸਰਕਾਰੀ ਪ੍ਰੀਖਿਆਵਾਂ ਦੇ ਨਤੀਜੇ ਉਡੀਕ ਕਰ ਰਹੇ ਹਨ। ਜੇ ਸਰਕਾਰਾਂ ਨੌਜਵਾਨਾਂ ਅਤੇ ਆਮ ਆਦਮੀ ਨੂੰ ਇਸੇ ਤਰ੍ਹਾਂ ਨਜ਼ਰਅੰਦਾਜ਼ ਕਰਦੀਆਂ ਰਹੀਆਂ ਤਾਂ ਸਿੱਟੇ ਭਿਆਨਕ ਹੋਣਗੇ।
ਵਿਸ਼ਵਜੀਤ ਸਿੰਘ, ਚੰਡੀਗੜ੍ਹ
(2)
ਤੇਲ ਕੀਮਤਾਂ ਤੋਂ ਲੈ ਕੇ ਬੁਨਿਆਦੀ ਲੋੜਾਂ ਵਾਲੇ ਭੋਜਨ ਤੱਕ ਲਗਭਗ ਹਰ ਚੀਜ਼ ਦੀ ਕੀਮਤ ’ਚ ਵਾਧਾ ਹੋਇਆ ਹੈ। ਇੰਨੀ ਜਿ਼ਆਦਾ ਮਹਿੰਗਾਈ ਆਰਥਿਕਤਾ ’ਤੇ ਵੀ ਮਾੜੇ ਪ੍ਰਭਾਵ ਪਾਵੇਗੀ। ਇੱਕ ਪਾਸੇ ਬੁਨਿਆਦੀ ਲੋੜਾਂ ਦੀਆਂ ਕੀਮਤਾਂ ਵਧ ਰਹੀਆਂ ਹਨ, ਦੂਜੇ ਪਾਸੇ ਆਮਦਨ ਨਾ ਵਧਣ ਕਾਰਨ ਪੈਸੇ ਦਾ ਨਿਵੇਸ਼ ਘੱਟ ਹੋ ਰਿਹਾ ਹੈ। ਇਸ ਦਾ ਸਭ ਤੋਂ ਵਧੇਰੇ ਅਸਰ ਗਰੀਬਾਂ ਉੱਤੇ ਪੈ ਰਿਹਾ ਹੈ।
ਵੰਸਿ਼ਕਾ ਭਸੀਨ, ਪੰਚਕੂਲਾ
ਸਲਾਮ
13 ਅਪਰੈਲ ਦੇ ਮਿਡਲ ‘ਲੰਗਰ ਬਾਬਾ’ (ਕਮਲਜੀਤ ਸਿੰਘ ਬਨਵੈਤ) ਵਿਚ ਬਜ਼ੁਰਗ ਦਾਨ ਸਿੰਘ ਦੁਆਰਾ ਕੀਤੇ ਪੁੰਨ-ਦਾਨ ਬਾਰੇ ਪੜ੍ਹ ਕੇ ਬਵੰਜਾ ਸਾਲ ਪਹਿਲਾਂ ਪੜ੍ਹੀ ਲੇਹ ਹੰਟ ਦੀ ਰਚਿਤ ਕਵਿਤਾ ‘ਅਬੂ ਬਿਨ ਆਧਮ’ (ਪਿਆਰ, ਵਿਸ਼ਵਾਸ ਤੇ ਮਾਨਵਤਾ) ਯਾਦ ਆ ਗਈ ਜਿਸ ਵਿਚ ਦੱਸਿਆ ਗਿਆ ਸੀ ਕਿ ਰੱਬ ਨੂੰ ਪਿਆਰ ਕਰਨ ਨਾਲੋਂ ਮਨੁੱਖ (ਭਾਵ ਮਾਨਵਤਾ) ਨੂੰ ਪਿਆਰ ਕਰਨਾ ਬਿਹਤਰ ਹੈ! ਬਾਬੇ ਲੰਗਰ ਨੂੰ ਸਲਾਮ!
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਜਾਣਕਾਰੀ
11 ਅਪਰੈਲ ਦੇ ਪਰਵਾਜ਼ ਪੰਨੇ ’ਤੇ ਆਰਤੀ ਆਰ ਜੈਰਥ ਦੇ ਲੇਖ ‘ਭਾਜਪਾ ਦੇ ਸਨਮੁੱਖ ‘ਆਪ’ ਦੀ ਚੁਣੌਤੀ’ ਵਿਚ ਬਹੁਤ ਕੁਝ ਨਵਾਂ ਅਤੇ ਜਾਣਕਾਰੀ ਭਰਪੂਰ ਪੜ੍ਹਨ ਨੂੰ ਮਿਲਿਆ। ਸੰਪਾਦਕੀਆਂ ਵਿਚ ਅਕਸਰ ‘ਆਪ’ ਨੂੰ ਵਿਚਾਰਧਾਰਾਹੀਣ ਪਾਰਟੀ ਦਰਸਾਇਆ ਜਾਂਦਾ ਹੈ ਪਰ ਇਸ ਲੇਖ ਵਿਚ ਵਿਚਾਰਧਾਰਾ ਪੱਖੋਂ ਨਿਰਪੱਖ ਦਰਸਾਇਆ ਗਿਆ ਹੈ।
ਰਾਵਿੰਦਰ ਫਫੜੇ, ਈਮੇਲ
ਵਿਰਾਸਤੀ ਝੀਲ
11 ਅਪਰੈਲ ਦੇ ਅੰਕ ਵਿਚ ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਹੈ। ਪਿਛਲੇ 20-22 ਸਾਲਾਂ ਤੋਂ ਇਸ ਝੀਲ ਦੀ ਇਹੀ ਹਾਲਤ ਦੇਖਣ ਨੂੰ ਮਿਲ ਰਹੀ ਹੈ। ਬਹੁਤੇ ਮਹਿਕਮਿਆਂ ਦੀ ਬਜਾਇ ਕਿਸੇ ਇੱਕ ਮਹਿਕਮੇ ਨੂੰ ਇਸ ਦੀ ਜਿ਼ੰਮੇਵਾਰੀ ਦੇਣੀ ਚਾਹੀਦੀ ਹੈ। ਨਾਜਾਇਜ਼ ਕਬਜ਼ਿਆਂ ਦੀ ਮਾਰ ਤੋਂ ਵੀ ਇਸ ਨੂੰ ਬਚਾਉਣ ਦੀ ਲੋੜ ਹੈ। ਫੁਹਾਰੇ, ਕਿਸ਼ਤੀਆਂ ਆਦਿ ਚਲਾਉਣ ਦੀ ਥਾਂ ਛਾਂਦਾਰ, ਫਲਦਾਰ ਦਰਖਤ ਲਗਾ ਕੇ ਇਸ ਨੂੰ ਪਾਰਕ ਅਤੇ ਸੈਰਗਾਹ ਵਜੋਂ ਵਰਤਣਾ ਵਧੇਰੇ ਠੀਕ ਅਤੇ ਘੱਟ ਖਰਚੀਲਾ ਸਿੱਧ ਹੋਵੇਗਾ।
ਸੋਹਣ ਲਾਲ ਗੁਪਤਾ, ਪਟਿਆਲਾ
ਖੁਰਦਬੀਨੀ ਅੱਖ
ਹਰੀਸ਼ ਜੈਨ ਦਾ 8 ਅਤੇ 9 ਅਪਰੈਲ ਵਾਲਾ ਲੰਮਾ ਲੇਖ ‘ਅਸੈਂਬਲੀ ਬੰਬ ਅਤੇ ਇਸ ਦੇ ਦੂਰਰਸੀ ਪ੍ਰਭਾਵ’ ਪੜ੍ਹ ਕੇ ਅਹਿਸਾਸ ਹੋਇਆ ਕਿ ਕੇਵਲ ਉਪਰਲੀ ਸਤਹਿ ਤੋਂ ਘਟਨਾਵਾਂ ਨੂੰ ਜਾਣ ਲੈਣਾ ਹੀ ਕਾਫ਼ੀ ਨਹੀਂ ਹੁੰਦਾ, ਘਟਨਾਵਾਂ ਦੀ ਤਹਿ ਤੱਕ ਜਾ ਕੇ ਹੀ ਉਨ੍ਹਾਂ ਪਿੱਛੇ ਲੁਕੇ ਮੰਤਵਾਂ ਦਾ ਪਤਾ ਲੱਗਦਾ ਹੈ ਜਿਹੜੇ ਸਮਾਜ ਨੂੰ ਦਿਸ਼ਾ ਮੁਹੱਈਆ ਕਰਦੇ ਹਨ। ਮੌਜੂਦਾ ਸਮਿਆਂ ਵਿਚ ਇਉਂ ਲੱਗਦਾ ਹੈ ਜਿਵੇਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਬਾਰੇ ਜਾਣਨ ਦੀ ਉਤਸੁਕਤਾ ਸ਼ਹਾਦਤ ਤੋਂ 7-8 ਦਹਾਕਿਆਂ ਬਾਅਦ ਪੈਦਾ ਹੋਈ ਹੋਵੇ। ਇਨਕਲਾਬੀਆਂ ਦੇ ਸੰਘਰਸ਼ ਨੇ ਲੋਕਾਂ ਦੇ ਹਿੱਤ ਵਿਚ, ਸਰਕਾਰਾਂ ਵਿਰੁੱਧ ਲੜਨ ਦੀ ਪ੍ਰੇਰਨਾ ਦਾ ਅਮੁੱਕ ਸਰੋਤ ਇਤਿਹਾਸ ਦੇ ਵਰਕਿਆਂ ਵਿਚ ਦਰਜ ਕਰ ਦਿੱਤਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਹਰੀਸ਼ ਜੈਨ ਦਾ ਲੇਖ ‘ਅਸੈਂਬਲੀ ਬੰਬ ਅਤੇ ਇਸ ਦੇ ਦੂਰਰਸੀ ਪ੍ਰਭਾਵ’ (8 ਅਤੇ 9 ਅਪਰੈਲ) ਪੜ੍ਹ ਕੇ ਸ਼ਹੀਦ ਭਗਤ ਸਿੰਘ ਬਾਰੇ ਛੁਪੇ ਤੱਥਾਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਨੇ ਸ਼ਹੀਦ ਭਗਤ ਸਿੰਘ ’ਤੇ ਚੱਲੇ ਮੁਕੱਦਮਿਆਂ ਬਾਰੇ ਜਾਣੂ ਕਰਵਾਇਆ ਹੈ।
ਮਨਮੋਹਨ ਸਿੰਘ, ਨਾਭਾ
ਆਸ
ਗੁਰਪ੍ਰੀਤ ਸਿੰਘ ਤੂਰ ਦਾ ਲੇਖ ‘ਵਿਧਾਨਕਾਰਾਂ ਤੋਂ ਆਸਾਂ ਤੇ ਉਮੀਦਾਂ’ (5 ਅਪਰੈਲ) ਪੜ੍ਹਿਆ। ਲੇਖਕ ਨੇ ਨਵੀਂ ਸਰਕਾਰ ਤੋਂ ਪੰਜਾਬ ਲਈ ਉਮੀਦ ਪੇਸ਼ ਕਰਦਿਆਂ ਹੁਣ ਤੱਕ ਦੇ ਸਿਆਸੀ ਸੰਤਾਪ ਦਾ ਦ੍ਰਿਸ਼ ਪੇਸ਼ ਕਰਕੇ ਕਾਰਨਾਂ ਉੱਤੇ ਵੀ ਉਂਗਲ ਧਰੀ ਹੈ। ਵਿਧਾਨਕਾਰ ਨੂੰ ਸਾਬਕਾ ਮੰਤਰੀ ਦਿਲਬਾਗ ਸਿੰਘ ਤੇ ਦਲੀਪ ਸਿੰਘ ਦੀ ਮਿਸਾਲ ਦੇ ਕੇ ਅਤੇ ਰਾਜਸਥਾਨ ਦੇ ਵਿਧਾਇਕ ਦੀ ਸਾਦਗੀ ਦਿਖਾ ਕੇ ਉਹਨਾਂ ਵਰਗੇ ਬਣਨ ਲਈ ਪ੍ਰੇਰਿਆ ਹੈ।
ਰਾਜਵਿੰਦਰ ਰੌਂਤਾ, ਰੌਂਤਾ (ਮੋਗਾ)
ਸਰਕਾਰ ਅਤੇ ਕਾਰਪੋਰੇਟ ਸੈਕਟਰ ਦੀ ਅਨੈਤਿਕਤਾ
12 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਵਧ ਰਿਹਾ ਆਰਥਿਕ ਪਾੜਾ ਸੋਚੀ ਸਮਝੀ ਨੀਤੀ’ ਪੜ੍ਹਿਆ। ਦਿੱਤੇ ਤੱਥ ਸਾਬਿਤ ਕਰਦੇ ਹਨ ਕਿ ਵਧ ਰਿਹਾ ਆਰਥਿਕ ਪਾੜਾ ਨੀਤੀ ਤਹਿਤ ਹੀ ਹੋ ਰਿਹਾ ਹੈ। ਖੇਤੀ ਆਧਾਰਿਤ ਆਰਥਿਕਤਾ ਨੂੰ ਉਦਯੋਗਿਕ ਆਰਥਿਕਤਾ ਵਿਚ ਤਬਦੀਲ ਵੀ ਤਾਂ ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਦੀ ਰਹਿਨੁਮਾਈ ਵਿਚ ਬਣਾਈ ਗਈ ਨੀਤੀ ਅਧੀਨ ਹੀ ਕੀਤਾ ਗਿਆ ਸੀ, ਉਹ ਵੀ ਸ਼ਾਇਦ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਹੋਰ ਪ੍ਰਗਤੀਸ਼ੀਲ ਦੇਸ਼ਾਂ ਦੇ ਦਬਾਅ ਹੇਠ ਕਰਨਾ ਪਿਆ ਸੀ। ਫਿਰ ਸਰਕਾਰ ਬਦਲ ਗਈ ਪਰ ਨੀਤੀਆਂ ਉਹੀ ਰਹੀਆਂ ਬਲਕਿ ਜਿ਼ਆਦਾ ਕਾਰਪੋਰੇਟ ਪੱਖੀ ਹੁੰਦੀਆਂ ਗਈਆਂ। ਸਰਕਾਰ ਅਤੇ ਕਾਰਪੋਰੇਟ ਸੈਕਟਰ ਵਿਚ ਅਨੈਤਿਕਤਾ ਦੀ ਘਾਟ ਇਸ ਪਾੜੇ ਨੂੰ ਹੋਰ ਤੇਜ਼ੀ ਨਾਲ ਵਧਾ ਰਹੀ ਹੈ।
ਜਗਰੂਪ ਸਿੰਘ, ਲੁਧਿਆਣਾ