ਸ੍ਰੀਨਗਰ, 16 ਮਈ
ਇਥੇ ਪੀਡੀਪੀ ਪ੍ਰਧਾਨ ਮਹਬਿੂਬਾ ਮੁਫਤੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਚੱਲ ਰਹੇ ਕਰੋਨਾ ਕਰਫਿਊ ਦੌਰਾਨ ਇਜ਼ਰਾਈਲ ਤੇ ਫਲਸਤੀਨ ਵਿਚਾਲੇ ਚੱਲ ਰਹੇ ਟਕਰਾਅ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਨਿੰਦਾ ਕੀਤੀ ਹੈ। ਮਹਬਿੂਬਾ ਨੇ ਟਵੀਟ ਕੀਤਾ,‘‘ ਇਜ਼ਰਾਈਲ ਵੱਲੋਂ ਫਲਸਤੀਨ ਉੱਤੇ ਕੀਤੇ ਅੱਤਿਆਚਾਰ ਖ਼ਿਲਾਫ਼ ਦੁਨੀਆ ਭਰ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਪਰ ਕਸ਼ਮੀਰ ਵਿੱਚ ਇਸ ਬਾਬਤ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਇੱਕ ਕਲਾਕਾਰ ਖ਼ਿਲਾਫ਼ ਪੀਸੀਏ ਤਹਿਤ ਮਾਮਲਾ ਕਰਜ ਕੀਤਾ ਗਿਆ ਹੈ ਤੇ ਇੱਕ ਉਪਦੇਸ਼ਕ ਨੂੰ ਫਲਸਤੀਨੀਆਂ ਨਾਲ ਇੱਕਜੁਟ ਹੋ ਕੇ ਪ੍ਰਦਰਸ਼ਨ ਕਰਨ ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।’’ ਦੱਸਣਯੋਗ ਹੈ ਕਿ ਸ਼ਨਿਚਰਵਾਰ ਨੂੰ ਪੁਲੀਸ ਨੇ ਕਰੋਨਾ ਕਰਫਿਊ ਦੌਰਾਨ ਸ੍ਰੀਨਗਰ ਤੇ ਸ਼ੌਪੀਆਂ ਜ਼ਿਲ੍ਹਿਆਂ ਵਿੱਚ ਫਲਸਤੀਨ ਦੇ ਹੱਕ ’ਚ ਪ੍ਰਦਰਸ਼ਨ ਕਰਨ ਵਾਲੇ 21 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੋਵਿਡ-19 ਦੇ ਕਾਰਨ ਇੱਥੇ ਕਰਫਿਊ ਲਗਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੁਲੀਸ ਨੇ ਦੱਖਣੀ ਕਸ਼ਮੀਰ ਵਿੱਚ ਈਦ ਵਾਲੇ ਦਿਨ ਭੜਕਾਊ ਭਾਸ਼ਣ ਦੇਣ ਦੇਣ ਦੇ ਦੋਸ਼ ਹੇਠ ਧਾਰਮਿਕ ਉਪਦੇਸ਼ਕ ਸਰਜਾਨ ਬਰਕਾਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਜਿਸਨੇ ਕਿ ਫਲਸਤੀਨ ਦੇ ਲੋਕਾਂ ਦੀ ਹਮਾਇਤ ਕੀਤੀ ਸੀ। ਪੀਡੀਪੀ ਆਗੂ ਨੇ ਦੋਸ਼ ਲਾਇਆ ਕਿ,‘‘ ਕਸ਼ਮੀਰ ਇੱਕ ਖੁੱਲ੍ਹੀ ਜੇਲ੍ਹ ਹੈ ਤੇ ਇੱਥੇ ਕਿਸੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਕੋਈ ਹੱਕ ਨਹੀਂ ਹੈ।’’ -ਪੀਟੀਆਈ
ਪੁਲੀਸ ਨੇ ਰਿਹਾਅ ਕੀਤੇ ਪ੍ਰਦਰਸ਼ਨਕਾਰੀ
ਸ੍ਰੀਨਗਰ: ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਲਈ ਹਿਰਾਸਤ ’ਚ ਲਏ ਗਏ 17 ਨੌਜਵਾਨਾਂ ਨੂੰ ਪੁਲੀਸ ਨੇ ਐਤਵਾਰ ਨੂੰ ਰਿਹਾਅ ਕਰ ਦਿੱਤਾ। ਫਲਸਤੀਨ ਪੱਖੀ ਪੇਂਟਿੰਗ ਬਣਾਉਣ ਵਾਲੇ ਕਲਾਕਾਰ ਮੁਦੱਸਿਰ ਗੁਲ (32) ਸਮੇਤ ਪੁਲੀਸ ਨੇ 20 ਵਿਅਕਤੀਆਂ ਨੂੰ ਸ਼ਨਿਚਰਵਾਰ ਨੂੰ ਹਿਰਾਸਤ ’ਚ ਲਿਆ ਸੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਕਰੋਨਾ ਕਰਫਿਊ ਦੀ ਉਲੰਘਣਾ ਕਰਕੇ ਪ੍ਰਦਰਸ਼ਨ ਕੀਤੇ ਸਨ। ਉਨ੍ਹਾਂ ਨੂੰ ਸਮਝਾਉਣ ਤੋਂ ਬਾਅਦ ਪਰਿਵਾਰਾਂ ਹਵਾਲੇ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਨੌਜਵਾਨਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਪਰਿਵਾਰਾਂ ਨਾਲ ਜੋੜਨਾ ਅਹਿਮ ਹੈ। ਗੁਲ ਨੇ ਫਲਸਤੀਨੀ ਝੰਡਾ ਲਪੇਟੇ ਰੋਂਦੀ ਹੋਈ ਮਹਿਲਾ ਦਾ ਚਿਹਰਾ ਬਣਾਇਆ ਸੀ ਅਤੇ ਉਸ ’ਤੇ ਮੋਟੇ ਅੱਖਰਾਂ ’ਚ ਲਿਖਿਆ ਸੀ ‘ਅਸੀਂ ਫਲਸਤੀਨੀ ਹਾਂ।’ ਗੁਲ ਦੇ ਵੱਡੇ ਭਰਾ ਸਮੀਉੱਲ੍ਹਾ ਰਾਠੇਰ ਨੇ ਕਿਹਾ ਕਿ ਉਹ ਐਤਵਾਰ ਸ਼ਾਮ ਨੂੰ ਘਰ ਪਹੁੰਚ ਗਿਆ ਹੈ। ਉਸ ਦੀ ਮਾਂ ਨੇ ਕਿਹਾ ਕਿ ਕੁਝ ਸਥਾਨਕ ਨੌਜਵਾਨ ਉਨ੍ਹਾਂ ਦੇ ਘਰ ਆਏ ਸਨ ਅਤੇ ਗੁਲ ਨੂੰ ਪੋਸਟਰ ਬਣਾਉਣ ਲਈ ਕਿਹਾ ਸੀ। ਰਾਠੇਰ ਨੇ ਕਿਹਾ ਕਿ ਗੁਲ ਦੀ ਪੇਟਿੰਗ ’ਚ ਦਿਲਚਸਪੀ ਹੈ ਅਤੇ ਉਹ 18 ਘੰਟੇ ਇਸੇ ਕੰਮ ’ਚ ਰੁੱਝਿਆ ਰਹਿੰਦਾ ਹੈ। ਉਹ ਗੁਲ ਦੀ ਰਿਹਾਈ ਤੋਂ ਖੁਸ਼ ਹਨ। -ਪੀਟੀਆਈ