ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 5 ਦਸੰਬਰ
ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨਾਲ ਜੁੜੇ ਪੰਜਾਬ ਦੇ ਸਨਅਤਕਾਰਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕੇਂਦਰ ’ਤੇ ਅਟਾਰੀ-ਵਾਹਗਾ ਸਰਹੱਦ ਰਸਤੇ ਮੁੜ ਕਾਰੋਬਾਰ ਤੇ ਵਪਾਰ ਖੋਲ੍ਹਣ ਸਬੰਧੀ ਦਬਾਅ ਬਣਾਵੇ। ਚੈਂਬਰ ਵਿੱਚ ਪੰਜਾਬ ਚੈਪਟਰ ਦੇ ਚੇਅਰਮੈਨ ਆਰਐੱਸ ਸਚਦੇਵਾ ਤੇ ਚੈਂਬਰ ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ ਨੇ ਅੱਜ ਪਾਈਟੈਕਸ ਮੇਲੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁੱਦੇ ਸਬੰਧੀ ਚੈਂਬਰ ਦੇ ਨੁਮਾਇੰਦਿਆਂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ।
ਸ੍ਰੀ ਸਚਦੇਵਾ ਨੇ ਕਿਹਾ ਕਿ ਅੰਮ੍ਰਿਤਸਰ-ਲਾਹੌਰ ਮਾਰਗ ਖੁੱਲ੍ਹਣ ਨਾਲ ਕਾਰੋਬਾਰ ਵਧੇਗਾ ਜਿਸ ਨਾਲ ਪੰਜਾਬ ਆਰਥਿਕ ਤੌਰ ’ਤੇ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਈ-ਵਹੀਕਲ ਪ੍ਰਮੋਟ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਨੇ ਈ-ਵਾਹਨਾਂ ਨੂੰ ਟੈਕਸ ਮੁਕਤ ਕੀਤਾ ਹੈ ਪਰ ਪੰਜਾਬ ਸਰਕਾਰ ਨੇ ਹੁਣ ਤੱਕ ਇਹ ਫ਼ੈਸਲਾ ਨਹੀਂ ਲਿਆ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਅੰਮ੍ਰਿਤਸਰ ’ਚ ਕਨਵੈਨਸ਼ਨ ਸੈਂਟਰ ਦਾ ਨਿਰਮਾਣ ਆਪਣੇ ਹੱਥ ਵਿੱਚ ਲਵੇ ਤਾਂ ਜੋ ਕਾਰੋਬਾਰੀਆਂ ਨੂੰ ਲਾਭ ਮਿਲ ਸਕੇ। ਸ੍ਰੀ ਸੇਠ ਨੇ ਕਿਹਾ ਕਿ ਪਾਇਟੈਕਸ ਮੇਲੇ ਵਿੱਚ ਸਿਰਫ਼ ਪੰਜ-ਛੇ ਦੇਸ਼ ਸ਼ਮੂਲੀਅਤ ਕਰਦੇ ਹਨ, ਜਿਸ ਲਈ ਉਨ੍ਹਾਂ ਸੂਬਾ ਸਰਕਾਰ ਨੂੰ 2022 ’ਚ ਲੱਗਣ ਵਾਲੇ ਪਾਇਟੈਕਸ ਮੇਲੇ ਵਿੱਚ ਸਾਰਕ ਦੇਸ਼ਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨਾਲ ਉੱਚ ਪੱਧਰੀ ਗੱਲਬਾਤ ਕਰਨ ਦੀ ਅਪੀਲ ਵੀ ਕੀਤੀ ਹੈ।
ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉੱਤਰੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਸ੍ਰੀ ਰਾਜਨ ਮਹਿਰਾ ਨੇ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 15-ਅੰਮ੍ਰਿਤਸਰ ਉੱਤਰੀ ਚੋਣ ਹਲਕੇ ਵਿਚ ਪੈਂਦੇ ਪਾਈਟੈਕਸ ਮੇਲੇ ’ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਈਵੀਐਮ ਜਾਗਰੂਕਤਾ ਕੈਂਪ ਲਾਇਆ ਗਿਆ।
ਇਸੇ ਦੌਰਾਨ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਲਈ ਸਿੱਖਿਆ ਦੇਣ ਲਈ ਉਦਮ ਕਰਨ ਵਾਲੀ ਅੰਮ੍ਰਿਤਸਰ ਦੀ ਮਿਸ਼ਨਦੀਪ ਐਜੂਕੇਸ਼ਨ ਟਰੱਸਟ ਸੰਸਥਾ ਦੇ ਬੈਨਰ ਹੇਠ ਅੱਜ ਇੱਥੇ ਪਹੁੰਚੀਆਂ 30 ਵਿਦਿਆਰਥਣਾਂ ਨੇ ਪਾਈਟੈਕਸ ਮੇਲੇ ਵਿਚ ਸ਼ਮੂਲੀਅਤ ਕੀਤੀ। ਇਹ ਵਿਦਿਆਰਥਣਾਂ ਮਿਸ਼ਨਦੀਪ ਸੰਸਥਾ ਦੇ ਸਹਿਯੋਗ ਨਾਲ ਸੰਚਾਲਕ ਮਿਸ਼ਨਦੀਪ ਪਬਲਿਕ ਸਕੂਲ ਵਿਚ ਪੜ੍ਹਾਈ ਕਰ ਕੇ ਆਪਣੇ ਜੀਵਨ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਵਿਚ ਜੁਟੀਆਂ ਹੋਈਆਂ ਹਨ।