ਬੀਰਬਲ ਰਿਸ਼ੀ
ਸ਼ੇਰਪੁਰ, 31 ਜਨਵਰੀ
ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਉਸਦੀ ਭੈਣ ਮਨਪ੍ਰੀਤ ਕੌਰ ਅਤੇ ਮਾਤਾ ਹਰਪਾਲ ਕੌਰ ਖੁਦ ਚੋਣ ਪਿੜ ਵਿੱਚ ਉਤਰ ਕੇ ਭਖਾ ਰਹੀਆਂ ਹਨ। ਉਂਜ ਚੋਣ ਕਾਫ਼ਲਿਆਂ ਦੀ ਅਗਵਾਈ ਦੌਰਾਨ ਖਾਸ ਤੌਰ ’ਤੇ ਘੱਟ ਗਿਣਤੀਆਂ ਵਿੰਗ ਦੇ ਆਗੂ ਡਾਕਟਰ ਅਨਵਰ ਭਸੌੜ, ਜ਼ਿਲ੍ਹਾ ਆਗੂ ਰਾਜਵੰਤ ਸਿੰਘ ਘੁੱਲੀ, ਸਤਿੰਦਰ ਚੱਠਾ ਅਤੇ ਸਰਕਲ ਪ੍ਰਧਾਨ ਸੁਰਜੀਤ ਰਾਜੋਮਾਜਰਾ ਹੁਰਾਂ ਵੱਲੋਂ ਮੋਹਰੀ ਰੋਲ ਅਦਾ ਕੀਤਾ ਜਾ ਰਿਹਾ ਹੈ।
ਅੱਜ ਪਿੰਡ ਜਹਾਂਗੀਰ, ਘਨੌਰੀ ਕਲਾਂ, ਘਨੌਰ ਕਲਾਂ ਸਮੇਤ ਅੱਧੀ ਦਰਜਨ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਮਨਪ੍ਰੀਤ ਕੌਰ ਨੇ ਕਿਹਾ ਦੇਸ਼ ’ਤੇ ਪੌਣੀ ਸਦੀ ਰਾਜ ਕਰਨ ਵਾਲੀਆਂ ਰਵਾਇਤੀ ਧਿਰਾਂ ਨੂੰ ਸੁਆਲ ਪੁੱਛੋ ਕਿ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਹੋਏ ਹਨ ਪਰ ਉਨ੍ਹਾਂ ਦੀ ਆਮਦਨ ਹਜ਼ਾਰਾਂ ਤੋਂ ਕਰੋੜਾਂ ’ਤੇ ਕਿਵੇਂ ਪਹੁੰਚ ਗਈ? ਉਨ੍ਹਾਂ ਰਵਾਇਤੀ ਪਾਰਟੀਆਂ ਦੀ ‘ਉਤਰ ਕਾਟੋ ਮੈਂ ਚੜ੍ਹਾਂ’ ਦੀ ਰਾਜਨੀਤੀ ਤੋਂ ਮੁਕਤੀ ਲਈ ਧੂਰੀ ਤੋਂ ਭਗਵੰਤ ਮਾਨ ਤੇ ਪੰਜਾਬ ਭਰ ਅੰਦਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਸੱਦਾ ਦਿੱਤਾ।
ਘਨੌਰੀ ਕਲਾਂ ਚੋਣ ਰੈਲੀ ਦੌਰਾਨ ‘ਆਪ’ ਸਮਰਥਕਾਂ ਵੱਲੋਂ ਲੋਕਾਂ ਨੂੰ ਬਰਫੀ ਵਰਤਾਉਣੀ, ਸਟੇਜ ’ਤੇ ਸੰਗਲਾਂ ’ਚ ਜਕੜਿਆ ਨੌਜਵਾਨ ਅਤੇ ਛੋਟੇ ਬੱਚੇ ਵੱਲੋਂ ਭਗਵੰਤ ਮਾਨ ਦੇ ਹੱਕ ’ਚ ਲਾਏ ਨਾਅਰੇ ਜੈਕਾਰੇ ਚਰਚਾ ਦਾ ਵਿਸ਼ਾ ਰਹੇ।