ਨਵੀਂ ਦਿੱਲੀ, 9 ਨਵੰਬਰ
ਨੈਸ਼ਨਲ ਗ੍ਰੀਨ ਟ੍ਰਿਬਿਊਨਲ(ਐਨਜੀਟੀ)ਨੇ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ(ਐਨਸੀਆਰ) ਵਿੱਚ 9 ਨਵੰਬਰ ਅੱਧੀ ਰਾਤ ਤੋਂ ਲੈ ਕੇ 30 ਨਵੰਬਰ ਅੱਧੀ ਰਾਤ ਤਕ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ। ਉੱਧਰ ਮੁੰਬਈ ਨਗਰ ਨਿਗਮ ਨੇ ਦੀਵਾਲੀ ਤੋਂ ਪਹਿਲਾਂ , ਜਨਤਕ ਤੇ ਪ੍ਰਾਵੀਵੇਟ ਥਾਵਾਂ ’ਤੇ ਪਟਾਕੇ ਚਲਾਉਣ ਅਤੇ ਆਤਿਸ਼ਬਾਜ਼ੀ ਕਰਨ ’ਤੇ ਰੋਕ ਲਗਾਈ ਹੈ। ਐਨਜੀਟੀ ਦੇ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਸਪਸ਼ਟ ਕੀਤਾ ਹੈ ਕਿ ਇਹ ਪਾਬੰਦੀ ਮੁਲਕ ਦੇ ਹਰ ਉਸ ਸ਼ਹਿਰ ਅਤੇ ਕਸਬੇ ਵਿੱਚ ਲਾਗੂ ਹੋਵੇਗੀ ਜਿਥੇ ਨਵੰਬਰ ਦੇ ਮਹੀਨੇ(ਬੀਤੇ ਵਰ੍ਹੇ ਦੇ ਉਪਲਬਧ ਅੰਕੜਿਆਂ ਅਨੁਸਾਰ)ਵਿੱਚ ਹਵਾ ਦਾ ਪੱਧਰ ‘ਖਰਾਬ’ ਜਾਂ ‘ਅਤਿ ਖਰਾਬ’ ਪੱਧਰ ’ਤੇ ਪੁੱਜ ਗਿਆ ਸੀ। ਬੈਂਚ ਨੇ ਕਿਹਾ ਕਿ ਉਨ੍ਹਾਂ ਸ਼ਹਿਰਾਂ ਜਾਂ ਕਸਬਿਆਂ ਜਿਥੇ ਹਵਾ ਦਾ ਪੱਧਰ ‘ਦਰਮਿਆਨਾ’ ਜਾਂ ਉਸ ਤੋਂ ਹੇਠਾਂ ਦਰਜ ਕੀਤਾ ਗਿਆ, ਉਥੇ ਸਿਰਫ ਗ੍ਰੀਨ ਪਟਾਕੇ ਵੇਚੇ ਜਾ ਸਕਦੇ ਹਨ ਅਤੇ ਦੀਵਾਲੀ, ਛੱਠ, ਨਵੇਂ ਵਰ੍ਹੇੇ/ ਕਿ੍ਸਮਸ ਦੀ ਪੂਰਵ ਸੰਧਿਆ ਵਰਗੇ ਹੋਰਨਾਂ ਮੌਕਿਆਂ ’ਤੇ ਪਟਾਕੇ ਚਲਾਉਣ ਦਾ ਸਮਾਂ ਦੋ ਘੰਟੇ ਤਕ ਹੀ ਸੀਮਿਤ ਹੋਵੇਗੀ। ਇਸ ਦੇ ਇਲਾਵਾ ਐਨਜੀਟੀ ਨੇ ਸਭਨਾਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਰ ਤਰ੍ਹਾਂ ਦੇ ਹਵਾ ਪ੍ਰਦੂਸ਼ਣ ’ਤੇ ਕੰਟਰੋਲ ਕਰਨ ਲਈ ਪਹਿਲ ਕਰਨ ਦਾ ਹੁਕਮ ਦਿੱਤਾ ਹੈ, ਕਿਉਂਕਿ ਪ੍ਰਦੂਸ਼ਣ ਨਾਲ ਸੰਭਾਵਿਤ ਤੌਰ ’ਤੇ ਕੋਵਿਡ-19 ਕੇਸਾਂ ਵਿੱਚ ਵਾਧਾ ਹੋ ਸਕਦਾ ਹੈ। -ਏਜੰਸੀ