ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 2 ਸਤੰਬਰ
ਇੱਥੋਂ ਨੇੜਲੇ ਪਿੰਡਾਂ ’ਚ ਘਰੇਲੂ ਗੈਸ ਖਪਤਕਾਰਾਂ ਤੋਂ ਧੱਕੇ ਨਾਲ ਕੁਨੈਕਸ਼ਨ ਰੀਨਿਊ ਕਰਨ ਦੀ ਆੜ ’ਚ ਪ੍ਰਤੀ ਕੁਨੈਕਸ਼ਨ 236 ਰੁਪਏ ਵਸੂਲੇ ਜਾ ਰਹੇ ਹਨ। ਅਤਿ ਦੀ ਮਹਿੰਗਾਈ ’ਚ ਪਹਿਲਾਂ ਹੀ 1100 ਰੁਪਏ ’ਚ ਮਿਲ ਰਹੇ ਗੈਸ ਸਿਲੰਡਰ ਕਾਰਨ ਆਮ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ, ਉਪਰੋਂ ਗੈਸ ਏਜੰਸੀਆਂ ਦੇ ਮੁਲਾਜ਼ਮ ਘਰ-ਘਰ ਜਾ ਕੇ ਲੋਕਾਂ ਨੂੰ ਗੈਸ ਕੁਨੈਕਸ਼ਨਾਂ ਦੀ ਜਾਂਚ ਕਰਵਾਉਣ ਲਈ ਕਹਿ ਰਹੇ ਹਨ ਅਤੇ ਨਾਲ ਹੀ ਕੁਨੈਕਸ਼ਨ ਰੀਨਿਊ ਕਰਨ ਦਾ ਕਹਿ ਕੇ 236 ਪ੍ਰਤੀ ਕੁਨੈਕਸ਼ਨ ਵਸੂਲੇ ਜਾ ਰਹੇ ਹਨ। ਜਿਹੜਾ ਖਪਤਕਾਰ ਇਸ ਵਸੂਲੀ ਤੋਂ ਇਨਕਾਰ ਕਰਦਾ ਹੈ, ਉਸ ਦਾ ਸਰਕਾਰੀ ਕੁਨੈਕਸ਼ਨ ਕੱਟ ਦੇਣ ਅਤੇ ਅੱਗੇ ਤੋਂ ਕੋਈ ਵੀ ਸਰਕਾਰੀ ਸਹਾਇਤਾ ਨਾ ਮਿਲਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ 236 ਰੁਪਏ ਲੈ ਕੇ ਕੰਪਨੀਆਂ ਵੱਲੋਂ ਜਾਰੀ ਫਾਰਮ ’ਤੇ ਖਪਤਕਾਰ ਦੇ ਦਸਤਖਤ ਕਰਵਾਏ ਜਾਂਦੇ ਹਨ। ਇਸ ਸਬੰਧੀ ਗੈੱਸ ਕੰਪਨੀਆਂ ਵੱਲੋਂ ਪਹਿਲਾਂ ਪਿੰਡਾਂ ’ਚ ਗੁਰੂ ਘਰਾਂ ਤੋਂ ਅਨਾਉਂਸਮੈਂਟ ਕਰਵਾਈ ਜਾਂਦੀ ਹੈ ਤਾਂ ਜੋ ਬਹੁ-ਗਿਣਤੀ ਲੋਕ ਇਨਕਾਰੀ ਨਾ ਹੋਣ।
ਪਿੰਡ ਜਗਰਾਉਂ ਪੱਤੀ ਮਲਕ ਦੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਬੰਧਤ ਗੈਸ ਏਜੰਸੀ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਜਾਂਚ ਨਾ ਕਰਵਾਉਣ ’ਤੇ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਖਪਤਕਾਰ ਜਦੋਂ ਗੈਸ ਸਿਲੰਡਰ ਭਰਵਾਉਂਦਾ ਹੈ ਤਾਂ ਕਿਸੇ ਵੀ ਦੁਰਘਟਨਾ ਦੇ ਮੱਦੇਨਜ਼ਰ ਕੰਪਨੀ ਦਾ ਬੀਮਾ ਹੁੰਦਾ ਹੈ। ਜਦੋਂ ਕੰਪਨੀਆਂ ਬੀਮੇ ਦੇ ਪੈਸੇ ਵਸੂਲਦੀਆਂ ਹਨ ਤਾਂ ਦੁਰਘਟਨਾ ਬੀਮਾ ਦੇਣਾ ਉਨ੍ਹਾਂ ਦਾ ਕੰਮ ਹੈ। ਕੰਪਨੀਆਂ ਦੇ ਦਬਾਅ ਹੇਠ ਏਜੰਸੀਆਂ ਦੀ ਨਾਜਾਇਜ਼ ਵਸੂਲੀ ਖ਼ਿਲਾਫ਼ ਪਿੰਡਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਉਹ ਮਹਿੰਗੀ ਦੀ ਮਾਰ ਹੇਠ ਬੜੀ ਮੁਸ਼ਕਲ ਨਾਲ ਘਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਦੂਜੇ ਪਾਸੇ ਇਸ ਤਰ੍ਹਾਂ ਦੀਆਂ ਵਸੂਲੀਆਂ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਲੱਤ ਮਾਰ ਰਹੀਆਂ ਹਨ। ਟਰੇਡ ਯੂਨੀਅਨਾਂ ਨੇ ਇਸ ਮਾਮਲੇ ਸਬੰਧੀ ਸੰਘਰਸ਼ ਦਾ ਐਲਾਨ ਕੀਤਾ ਹੈ।
ਏਡੀਸੀ ਨੇ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਦਾ ਦਿੱਤਾ ਭਰੋਸਾ
ਏਡੀਸੀ ਦਲਜੀਤ ਕੌਰ ਨੇ ਇਸ ਸਬੰਧੀ ਕਿਹਾ ਕਿ ਉਹ ਉਪ-ਮੰਡਲ ਮੈਜਿਸਟਰੇਟ ਰਾਹੀਂ ਕੀਤੀ ਜਾ ਰਹੀ ਵਸੂਲੀ ਬਾਰੇ ਪਤਾ ਕਰਨਗੇ ਅਤੇ ਬਿਨਾਂ ਦੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇੰਜ ਕੁਨੈਕਸ਼ਨ ਬੰਦ ਨਹੀਂ ਕੀਤਾ ਜਾ ਸਕਦਾ।