ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਪੁਲੀਸ ਦੇ ਮੁਖੀ ਦੀ ਚੋਣ ਲਈ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਭਲਕੇ 4 ਜਨਵਰੀ ਨੂੰ ਮੀਟਿੰਗ ਹੋਵੇਗੀ। ਸੂਬੇ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅੱਜ ਦਿੱਲੀ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ 21 ਦਸੰਬਰ ਨੂੰ ਰੱਖੀ ਗਈ ਮੀਟਿੰਗ ਰਾਜ ਸਰਕਾਰ ਵੱਲੋਂ ਡੀਜੀਪੀ ਰੈਂਕ ਦੇ ਅਧਿਕਾਰੀਆਂ ਦੀ ਸੂਚੀ ਦੇ ਵਿਵਾਦ ਕਾਰਨ ਰੱਦ ਕਰ ਦਿੱਤੀ ਗਈ ਸੀ। ਸੂਬਾ ਸਰਕਾਰ 30 ਸਤੰਬਰ, 2021 ਨੂੰ ਆਧਾਰ ਮੰਨ ਕੇ ਡੀਜੀਪੀ ਦੀ ਨਿਯੁਕਤੀ ਲਈ ਆਈਪੀਐੱਸ ਅਧਿਕਾਰੀਆਂ ਦੀ ਸੂਚੀ ’ਤੇ ਵਿਚਾਰ ਕਰਨ ਲਈ ਜ਼ੋਰ ਦੇ ਰਹੀ ਹੈ ਜਦੋਂ ਕਿ ਯੂਪੀਐੱਸੀ ਵੱਲੋਂ 5 ਅਕਤੂਬਰ, 2021 ਨੂੰ ਆਧਾਰ ਬਣਾ ਕੇ ਵਿਚਾਰ ਕਰਨ ਦੀ ਦਲੀਲ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ 1986 ਤੋਂ ਲੈ ਕੇ 1991 ਬੈਚ ਤੱਕ ਦੇ ਡੀਜੀਪੀ ਰੈਂਕ ਦੇ ਪੁਲੀਸ ਅਧਿਕਾਰੀਆਂ ਸਿਧਾਰਥ ਚਟੋਪਾਧਿਆਏ, ਦਿਨਕਰ ਗੁਪਤਾ, ਵਿਰੇਸ਼ ਕੁਮਾਰ ਭਾਵੜਾ, ਪ੍ਰਬੋਧ ਕੁਮਾਰ, ਰੋਹਿਤ ਚੌਧਰੀ, ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਬੀ ਕੇ ਉੱਪਲ ਦੇ ਨਾਵਾਂ ’ਤੇ ਆਧਾਰਿਤ ਪੈਨਲ ਭੇਜਿਆ ਗਿਆ ਹੈ। ਇਨ੍ਹਾਂ ਪੁਲੀਸ ਅਧਿਕਾਰੀਆਂ ਦਾ ਸੇਵਾਕਾਲ ਪਹਿਲੀ ਅਕਤੂਬਰ ਤੋਂ ਬਾਅਦ 6 ਮਹੀਨਿਆਂ ਦਾ ਰਹਿੰਦਾ ਹੈ। ਕਮਿਸ਼ਨ ਵੱਲੋਂ ਜੇਕਰ 5 ਅਕਤੂਬਰ ਨੂੰ ਆਧਾਰ ਬਣਾ ਕੇ ਡੀਜੀਪੀ ਦੇ ਅਹੁਦੇ ਲਈ ਪੈਨਲ ਤਿਆਰ ਕੀਤਾ ਜਾਂਦਾ ਹੈ ਤਾਂ ਸ੍ਰੀ ਚਟੋਪਾਧਿਆਏ ਅਤੇ ਆਸ਼ੀਸ਼ ਚੌਧਰੀ ਇਸ ਕਰਕੇ ਪੈਨਲ ਤੋ ਵਾਂਝੇ ਰਹਿ ਸਕਦੇ ਹਨ ਕਿਉਂਕਿ ਇਨ੍ਹਾਂ ਅਧਿਕਾਰੀਆਂ ਦੀ ਸੇਵਾਮੁਕਤੀ ਇਸੇ ਸਾਲ 31 ਮਾਰਚ ਨੂੰ ਹੋਣੀ ਹੈ। ਸ੍ਰੀ ਤਿਵਾੜੀ 28 ਫਰਵਰੀ ਨੂੰ ਸੇਵਾਮੁਕਤ ਹੋਣਗੇ। ਸੂਤਰਾਂ ਮੁਤਾਬਕ ਰਾਜ ਸਰਕਾਰ ਇਹ ਯਤਨ ਕਰ ਰਹੀ ਹੈ ਕਿ ਕਮਿਸ਼ਨ ਪੈਨਲ ਵਿੱਚ ਮੌਜੂਦਾ ਡੀਜੀਪੀ ਸ੍ਰੀ ਚਟੋਪਾਧਿਆਏ ਦਾ ਨਾਮ ਸ਼ਾਮਲ ਕਰ ਲਵੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਸੂਬੇ ਨੂੰ ਪੱਕੇ ਤੌਰ ’ਤੇ ਡੀਜੀਪੀ ਮਿਲਣ ਦੀ ਸੰਭਾਵਨਾ ਹੈ।