ਐੱਨ.ਪੀ. ਧਵਨ
ਪਠਾਨਕੋਟ, 18 ਮਾਰਚ
ਰਾਵੀ ਦਰਿਆ ਕਿਨਾਰੇ ਪੈਂਦੀ ਜੰਗਲੀ ਜੀਵ ਵਿਭਾਗ ਦੀ ‘ਜੰਗਲਾਤ ਜੀਵਨ ਰੱਖ’ ਕਥਲੌਰ ਨੂੰ ਜ਼ਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨ ਨੇ ਸੈਲਾਨੀਆਂ ਲਈ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਜੰਗਲੀ ਸੈਂਚੁਰੀ ਨੂੰ ਸੈਲਾਨੀਆਂ ਲਈ ਉਤਸ਼ਾਹਿਤ ਕਰਨ ਵਾਸਤੇ ਸੁੰਦਰੀਕਰਨ ਤੇ ਹੋਰ ਮਨਮੋਹਕ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 1 ਕਰੋੜ 2 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਆਈਏਐਸ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦਾ ਵਾਤਾਵਰਨ ਬਹੁਤ ਸੁਹਾਵਨਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਇਸ ਜ਼ਿਲ੍ਹੇ ਨੂੰ ਟੂਰਿਜ਼ਮ ਹੱਬ ਬਣਾਇਆ ਜਾਵੇ। ਕਥਲੌਰ ਰੱਖ ਦੇ ਜੰਗਲ ਵਿੱਚ ਜੰਗਲੀ ਜਾਨਵਰ ਹਿਰਨ, ਮੋਰ, ਗਿੱਦੜ, ਸਾਹੀ, ਪੈਂਗੋਲੀਅਨ, ਜੰਗਲੀ ਸੂਰ, ਜੰਗਲੀ ਮੁਰਗੇ ਆਦਿ ਬਹੁਤ ਹਨ। ਇਸ ਕਰਕੇ ਸੈਲਾਨੀ ਖਾਸ ਤੌਰ ’ਤੇ ਬੱਚੇ ਇਨ੍ਹਾਂ ਨੂੰ ਦੇਖ ਸਕਣਗੇ ਤੇ ਕੁਦਰਤੀ ਮਨਮੋਹਕ ਵਾਤਾਵਰਨ ਦਾ ਆਨੰਦ ਲੈ ਸਕਣਗੇ। ਇਸ ਉਦੇਸ਼ ਤਹਿਤ ਇਸ ਨੂੰ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ।
ਜੰਗਲੀ ਜੀਵ ਵਿਭਾਗ ਦੇ ਡੀਐੱਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਇਸ ਸੈਂਚੁਰੀ ਵਿੱਚ ਇੱਕ ਬਹੁਤ ਵੱਡਾ ਪਾਊਂਡ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਕਤ ਜੰਗਲ ਵਿੱਚ 2 ਕਿਲੋਮੀਟਰ ਲੰਬੀ ਤੇ 7 ਫੁੱਟ ਚੌੜੀ ਨੇਚਰ ਟਰੇਲ ਬਣਾਈ ਜਾਵੇਗੀ। ਇਸ ਵਿੱਚ ਇੱਕ ਬੈਟਰੀ ਕਾਰ ਰੱਖੀ ਜਾਵੇਗੀ, ਜਿਸ ਵਿੱਚ ਸੈਲਾਨੀ ਜੰਗਲ ਦਾ ਕੁਦਰਤੀ ਨਜ਼ਾਰਾ ਲੈ ਸਕਣਗੇ। ਉਥੇ ਸਾਈਕਲ ਵੀ ਰੱਖੇ ਜਾਣਗੇ, ਜਿਨ੍ਹਾਂ ਦਾ 10 ਰੁਪਏ ਕਿਰਾਇਆ ਹੋਵੇਗਾ। ਡੀਐੱਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਉਥੇ ਸੈਲਾਨੀਆਂ ਨੂੰ ਪੀਣ ਵਾਲੇ ਪਾਣੀ ਅਤੇ ਆਧੁਨਿਕ ਕਿਸਮ ਦੇ ਪਖਾਨਿਆਂ ਦੀ ਸਹੂਲਤ ਵੀ ਦਿੱਤੀ ਜਾਵੇਗੀ। ਬੱਚਿਆਂ ਲਈ ਅਡਵੈਂਚਰ ਟੂਰਿਜ਼ਮ ਵਾਲੀਆਂ ਗੇਮਾਂ ਵੀ ਲਗਾਈਆਂ ਜਾਣਗੀਆਂ। ਇਹ ਪ੍ਰਾਜੈਕਟ 6 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ।