ਸਰਬਜੀਤ ਸਿੰਘ ਭੱਟੀ
ਲਾਲੜੂ, 29 ਅਕਤੂਬਰ
ਇੱਥੋਂ ਨੇੜਲੇ ਪਿੰਡ ਜਿਉਲੀ ਦੇ ਵਸਨੀਕਾਂ ਵੱਲੋਂ ਬੀਡੀਪੀਓ ਡੇਰਾਬੱਸੀ ਨੂੰ ਇਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਗਈ ਕਿ ਪਿੰਡ ਦੇ ਪੰਚਾਇਤੀ ਛੱਪੜ ਵਾਲੀ ਜ਼ਮੀਨ ਉੱਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਨਾ ਦਿੱਤੇ ਜਾਣ। ਉੱਧਰ, ਬੀਡੀਪੀਓ ਡੇਰਾਬੱਸੀ ਪਰਨੀਤ ਕੌਰ ਨੇ ਉਕਤ ਮਾਮਲੇ ਦੀ ਜਾਂਚ ਲਈ ਪੰਚਾਇਤ ਅਫਸਰ ਨੂੰ ਜਾਂਚ ਅਧਿਕਾਰੀ ਨਿਯੁਕਤ ਕਰ ਕੇ ਮਾਮਲੇ ਬਾਰੇ ਜਾਣਕਾਰੀ ਲੈਣ ਲਈ ਕਹਿ ਦਿੱਤਾ ਹੈ, ਤਾਂ ਜੋ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਪਿੰਡ ਵਾਸੀਆਂ ਨੇ ਬੀਡੀਪੀਓ ਨੂੰ ਸੌਂਪੇ ਮੰਗ-ਪੱਤਰ ਵਿੱਚ ਕਿਹਾ ਕਿ ਪਿੰਡ ਦੇ ਇਕ ਦਰਜਨ ਦੇ ਕਰੀਬ ਲੋਕਾਂ ਨੇ ਪਿੰਡ ਦੇ ਪੰਜ ਏਕੜ ਪੰਚਾਇਤੀ ਛੱਪੜ ਉੱਤੇ ਨਾਜਾਇਜ਼ ਕਬਜ਼ਾ ਕਰ ਕੇ ਮਕਾਨ ਬਣਾਏ ਹੋਏ ਹਨ। ਕਈ ਅਦਾਲਤਾਂ ਵੱਲੋਂ ਪੰਚਾਇਤੀ ਛੱਪੜ ਦੀ ਜ਼ਮੀਨ ਦਾ ਫੈਸਲਾ ਗ੍ਰਾਮ ਪੰਚਾਇਤ ਦੇ ਹੱਕ ਵਿੱਚ ਹੋ ਚੁੱਕਾ ਹੈ ਅਤੇ ਅਜੇ ਵੀ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਅਦਾਲਤ ਨੇ ਇਸ ਕੇਸ ਵਿੱਚ ਸਟੇਟਸ-ਕੋਅ ਕੀਤਾ ਹੋਇਆ ਹੈ।