ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਫਰਵਰੀ
ਇਥੇ ਘੰਟਾ ਘਰ ਚੌਕ ਨੇੜੇ ਜ਼ਿਲ੍ਹਾ ਪਰਿਸ਼ਦ ਬਿਲਡਿੰਗ ਦੀ ਪਾਰਕਿੰਗ ’ਚ ਅੱਜ ਪਾਰਕਿੰਗ ਠੇਕੇਦਾਰ ਤੇ ਰੇਹੜੀ ਫੜ੍ਹੀ ਵਾਲਿਆਂ ਦੀ ਆਪਸ ’ਚ ਖੜਕ ਗਈ। ਮਾਮਲਾ ਇਨ੍ਹਾਂ ਵਧ ਗਿਆ ਕਿ ਠੇਕੇਦਾਰ ਨੇ ਆਪਣੀ ਗੱਡੀ ਭਜਾ ਲਈ, ਜਿਸ ਕਾਰਨ 2 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਣ ਮਗਰੋਂ ਥਾਣਾ ਕੋਤਵਾਲੀ ਦੀ ਪੁਲੀਸ ਮੌਕੇ ’ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਰੇਹੜੀ ਫੜ੍ਹੀ ਵਾਲਿਆਂ ਨੇ ਦੱਸਿਆ ਕਿ ਉਹ ਜ਼ਿਲ੍ਹਾ ਪਰਿਸ਼ਦ ਦੀ ਪਾਰਕਿੰਗ ਤੋਂ ਕੋਲ ਕਾਫ਼ੀ ਸਮੇਂ ਦੁਕਾਨਾਂ ਲਾ ਰਹੇ ਹਨ। ਪੁਲੀਸ ਦੇ ਹੁਕਮਾਂ ’ਤੇ ਉਹ ਸੜਕ ਤੋਂ ਕਾਫ਼ੀ ਪਿੱਛੇ ਹਨ ਤਾਂ ਕਿ ਟਰੈਫਿਕ ਜਾਮ ਨਾ ਹੋਵੇ ਤੇ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਤੋਂ ਪਾਰਕਿੰਗ ਠੇਕੇਦਾਰ ਮਿੱਕੀ ਸਾਹਨੀ ਜਗ੍ਹਾ ਖਾਲੀ ਕਰਨ ਲਈ ਆਖ ਰਿਹਾ ਸੀ। ਜਗ੍ਹਾ ਨਾ ਖਾਲੀ ਕਰਨ ਦੇ ਬਦਲੇ ਉਨ੍ਹਾਂ ਤੋਂ ਉਸ ਨੇ 500 ਰੁਪਏ ਦੀ ਮੰਗ ਕੀਤੀ। ਰੇਹੜੀ ਵਾਲਿਆਂ ਨੇ ਕਿਹਾ ਕਿ ਉਹ ਇੰਨਾ ਕਿਰਾਇਆ ਨਹੀਂ ਦੇ ਸਕਦੇ, ਜਿਸ ਲਈ ਉਨ੍ਹਾਂ ਨੇ ਪਾਰਕਿੰਗ ਠੇਕੇਦਾਰ ਨਾਲ ਗੱਲ ਵੀ ਕੀਤੀ ਸੀ, ਪਰ ਉਹ ਕਿਸੇ ਦੀ ਗੱਲ ਨਹੀਂ ਮੰਨ ਰਿਹਾ ਸੀ। ਮੰਗਲਵਾਰ ਦੀ ਸਵੇਰੇ ਉਹ ਆਪਣੀ ਇਨੋਵਾ ਗੱਡੀ ’ਚ ਸਵਾਰ ਹੋ ਕੇ ਆਇਆ ਸੀ ਤੇ ਬਿਨਾਂ ਕੋਈ ਗੱਲ ਕੀਤੇ ਸਾਮਾਨ ਸੁੱਟਣ ਲੱਗਿਆ। ਜਦੋਂ ਉਸ ਨੂੰ ਰੋਕਣ ਲੱਗੇ ਤਾਂ ਉਹ ਗਾਲ੍ਹਾਂ ਕੱਢਣ ਲੱਗ ਗਿਆ। ਜਿਸ ਤੋਂ ਬਾਅਦ ਰੇਹੜੀ ਚਾਲਕਾਂ ਨੂੰ ਗੱਡੀ ਨਾਲ ਥੱਲੇ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ। ਰੇਹੜੀ ਚਾਲਕਾਂ ਨੇ ਦੋਸ਼ ਲਾਇਆ ਕਿ ਜਦੋਂ ਠੇਕੇਦਾਰ ਮਿੱਕੀ ਸਾਹਨੀ ਨੇ ਗੱਡੀ ਭਜਾਈ ਤਾਂ ਉਨ੍ਹਾਂ ਦੇ 2 ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਇਸਦੀ ਜਾਣਕਾਰੀ ਥਾਣਾ ਕੋਤਵਾਲੀ ਪੁਲੀਸ ਨੂੰ ਦਿੱਤੀ ਹੈ।
ਉਧਰ ਪਾਰਕਿੰਗ ਠੇਕੇਦਾਰ ਮਿੱਕੀ ਸਹਾਨੀ ਨੇ ਦੱਸਿਆ ਕਿ ਉਸ ਨੇ ਜ਼ਿਲ੍ਹਾ ਪਰਿਸ਼ਦ ਪਾਰਕਿੰਗ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਠੇਕੇ ’ਤੇ ਲਈ ਹੈ। ਪਿਛਲੇ ਚਾਰ ਮਹੀਨਿਆਂ ਤੋਂ ਪਾਰਕਿੰਗ ’ਚ ਰੇਹੜੀਆਂ ਲੱਗ ਰਹੀਆਂ ਸਨ, ਜਿਸ ਦਾ ਰੇਹੜੀ ਵਾਲਿਆਂ ਨੇ ਕਿਰਾਇਆ ਨਹੀਂ ਦਿੱਤਾ। ਅੱਜ ਜਦੋਂ ਉਹ ਕਿਰਾਇਆ ਲੈਣ ਗਿਆ ਤਾਂ ਰੇਹੜੀ ਵਾਲਿਆਂ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਤੇ ਗਾਲ੍ਹਾਂ ਕੱਢੀਆਂ। ਉਹ ਭੱਜ ਕੇ ਗੱਡੀ ਵਿੱਚ ਵੜ ਗਿਆ, ਜਿਸ ਵਿੱਚ ਉਸ ਦੀ ਪਤਨੀ ਪਹਿਲਾਂ ਤੋਂ ਹੀ ਬੈਠੀ ਸੀ।
ਜਦੋਂ ਉਸ ਨੇ ਗੱਡੀ ਭਜਾ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਰੇਹੜੀ ਵਾਲਿਆਂ ਨੇ ਗੱਡੀ ਉਤੇ ਪਥਰਾਅ ਕੀਤਾ। ਐੱਸ.ਐੱਚ.ਓ. ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਪੱਖਾਂ ਵੱਲੋਂ ਸ਼ਿਕਾਇਤ ਮਿਲਣ ਮਗਰੋਂ ਜਾਂਚ ਸ਼ੁਰੂ ਕਰ ਦਿੱਤੀ ਹੈ।