ਨਵਕਿਰਨ ਸਿੰਘ
ਮਹਿਲ ਕਲਾਂ, 5 ਦਸੰਬਰ
ਲੰਘੀ 25 ਨਵੰਬਰ ਨੂੰ ਅਚਾਨਕ ਬਿਮਾਰ ਹੋਣ ਕਾਰਨ ਟਿੱਕਰੀ ਬਾਰਡਰ ਦਿੱਲੀ ਵਿਖੇ ਸ਼ਹੀਦ ਹੋਏ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸਰਗਰਮ ਵਰਕਰ ਬਲਵੀਰ ਸਿੰਘ ਹਰਦਾਸਪੁਰਾ ਦਾ ਸ਼ਰਧਾਂਜਲੀ ਸਮਾਗਮ ਅੱਜ ਉਸ ਦੇ ਪਿੰਡ ਹਰਦਾਸਪੁਰਾ ਵਿਖੇ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਬੀਕੇਯੂ (ਡਕੌਂਦਾ) ਦੇ ਆਗੂਆਂ ਜਗਰਾਜ ਹਰਦਾਸਪੁਰਾ, ਅਮਰਜੀਤ ਕੌਰ ਅਤੇ ਕੁਲਵੰਤ ਰਾਏ ਪੰਡੋਰੀ ਨੇ ਕਿਹਾ ਕਿ ਭਾਵੇਂ ਬਲਵੀਰ ਸਿੰਘ ਜ਼ਮੀਨ ਪੱਖੋਂ ਵਿਰਵਾ ਸੀ, ਪਰ ਜਾਗਦੀ ਜ਼ਮੀਰ ਵਾਲਾ ਕਿਸਾਨ ਸੀ ਜਿਸ ਨੇ ਜ਼ਮੀਨ ਤੋਂ ਵਿਰਵੇ ਹੋਣ ਦਾ ਦਰਦ ਆਪਣੇ ਪਿੰਡੇ ’ਤੇ ਹੰਢਾਇਆ। ਇਸੇ ਕਰਕੇ ਬੇਹੱਦ ਤੰਗੀ ਤੁਰਸ਼ੀ ਦੀ ਹਾਲਤ ਵਿੱਚ ਜ਼ਿੰਦਗੀ ਜਿਉਂਦਾ ਹੋਇਆ ਸ਼ਹੀਦ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਕਿਸਾਨ ਬਲਵੀਰ ਸਿੰਘ ਦੀ ਹੋਈ ਸ਼ਹੀਦੀ ਅਜਾਈਂ ਨਹੀਂ ਜਾਵੇਗੀ।