ਪੱਤਰ ਪ੍ਰੇਰਕ
ਲੰਬੀ, 18 ਮਾਰਚ
ਹਲਕੇ ’ਚ ਬੀਤੀ ਰਾਤ ਮੰਡੀ ਕਿੱੱਲਿਆਂਵਾਲੀ ਦੀ ਦਾਣਾ ਮੰਡੀ ’ਚ ਪੱਕੇ ਫੜ ’ਤੇ ਸੁੱਤੇ ਪਏ ਟਰੱਕ ਹੈਲਪਰ ਨੂੰ ਭੂੰਗ ਦੇ ਬੇਅਥਾਹ ਲੱਦੇ ਟਰੈਕਟਰ-ਟਰਾਲੇ ਨੇ ਕੁਚਲ ਦਿੱਤਾ। ਮ੍ਰਿਤਕ ਦੀ ਸ਼ਨਾਖਤ 35 ਸਾਲਾ ਸ਼ਿੰਗਾਰਾ ਸਿੰਘ ਵਾਸੀ ਕਲਾਲਵਾਲਾ (ਬਠਿੰਡਾ) ਵਜੋਂ ਹੋਈ ਹੈ। ਘਟਨਾ ਦਾ ਖੁਲਾਸਾ ਹੋਣ ’ਤੇ ਲੰਬੀ ਪੁਲੀਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਚੰਦਰ ਸ਼ੇਖਰ ਨੇ ਕਿਹਾ ਕਿ ਬੀਤੀ ਰਾਤ ਮਲੋਟ ਤੋਂ ਭੂੰਗ ਦੇ ਭਰੇ ਤਿੰਨ ਟਰੈਕਟਰ ਰਵਾਨਾ ਹੋਏ ਸਨ ਜਿਹੜੇ ਦੇਰ ਰਾਤ ਕਿੱਲਿਆਂਵਾਲੀ ਦਾਣਾ ਮੰਡੀ ਦੇ ਫੜ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਕਰਾਸ ਪੜਤਾਲ ਮੁਤਾਬਕ ਸੰਭਵ ਹੈ ਕਿ ਸ਼ਿੰਗਾਰਾ ਸਿੰਘ ਟਰਾਲੀ ਦੇ ਹੇਠਾਂ ਆ ਕੇ ਸੌਂ ਗਿਆ ਜਾਂ ਪਹਿਲਾਂ ਤੋਂ ਨਸ਼ੇ ਵਗੈਰਾ ’ਚ ਫੜ ’ਤੇ ਸੁੱਤਾ ਪਿਆ ਸੀ। ਭੂੰਗ ਵਾਲਾ ਟਰੈਕਟਰ ਟਰਾਲਾ ਉਸਦੇ ਉੱਪਰੋਂ ਲੰਘ ਗਿਆ। ਭੂੰਗ ਵਾਲਿਆਂ ਦਾ ਕਾਫ਼ਲਾ ਸਾਹਮਣੇ ਇੱਕ ਢਾਬੇ ਤੋਂ ਚਾਹ ਵਗੈਰਾ ਕੇ ਅਗਲੇ ਪੜਾਅ ਨੂੰ ਤੁਰ ਪਿਆ। ਥਾਣਾ ਮੁਖੀ ਨੇ ਕਿਹਾ ਕਿ ਇਸ ਸਬੰਧੀ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।